Posts

Showing posts from August, 2007

ਕਵਿਤਾ: ਰੱਖੜੀ....

ਰੱਖੜੀ ਭੈਣ ਵੀਰ ਲਈ ਕਰੇ ਦੁਆਵਾਂ, ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ, ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ, ਦੂਰ ਵੇ ਤੈਥੋਂ ਰਹਿਣ ਬਲਾਵਾਂ। …………… ਵੀਰ ਕਰੇ ਰੱਬ ਨੂੰ ਅਰਜੋਈ, ਭੈਣ ਬਿਨਾਂ ਨਾ ਕੋਈ ਖੁਸ਼ਬੋਈ, ਰੱਬਾ ਮਾਪੇ ਸਮਝ ਲੈਣ ਜੇ, ਕੁੱਖ ਵਿੱਚ ਭੈਣ ਮਰੇ ਨਾ ਕੋਈ। …………… ਰੱਖੜੀ ਦਾ ਦਿਨ ਜਦ ਵੀ ਆਉਂਦਾ, ਭੈਣ ਭਰਾ ਦਾ ਪਿਆਰ ਵਧਾਉਂਦਾ, ਵਿਛੜੇ ਵੀਰ ਤੇ ਭੈਣਾਂ ਨੂੰ ਵੀ, ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ। ……………

ਸ਼ਿਅਰ....

ਸ਼ਿਅਰ ਵਸਦੀਆਂ ਰਹਿਣ ਵੇ ਧੀਆਂ ਰੱਬਾ, ਕੋਮਲ ਕਲੀਆਂ ਖਿਲਦੀਆਂ ਰਹਿਣ। ਹਾਸਿਆਂ ਭਰੀਆਂ ਮੋਹ ਦੀਆਂ ਗੱਲਾਂ, ਇਨ੍ਹਾਂ ਦੇ ਮੁੱਖ ਤੇ ਛਿੜਦੀਆਂ ਰਹਿਣ, ਇਨ੍ਹਾਂ ਦੇ ਮੁੱਖ 'ਚੋਂ ਕਿਰਦੀਆਂ ਰਹਿਣ।।

ਸ਼ਿਅਰ.....

ਸ਼ਿਅਰ ਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ, ਸਾਹਵਾਂ ਦਾ ਕੀ ਹੁੰਦਾ ਏ, ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ, ਰਾਹਵਾਂ ਦਾ ਕੀ ਹੁੰਦਾ ਏ, ਭਾਵੇਂ ਵਸੀਏ ਕੋਹਾਂ ਦੂਰ ਤੇ, ਓਹਲੇ ਰਹੀਏ ਅੱਖੀਆਂ ਤੋਂ, ਦਿਲ ਤੋਂ ਦੂਰ ਨਾ ਹੋਈਏ ਵੇ 'ਕੰਗ', ਥਾਵਾਂ ਦਾ ਕੀ ਹੁੰਦਾ ਏ, ਥਾਵਾਂ ਦਾ ਕੀ ਹੁੰਦਾ ਏ।।

ਨਜ਼ਮ: ਅਮਰ ਰੂਹਾਂ......

ਕਵਿਤਾ: ਅਮਰ ਰੂਹਾਂ ਉਹ ਮੇਰੇ ਵੱਲ ਵੇਖਦੀ, ਮੁਸਕਰਾਉਂਦੀ ਹੈ, ਤੇ ਹੁਣੇ ਹੀ ਪਲ ਵਿੱਚ ਅੱਖਾਂ ਲਾਲ ਕਰ ਮੁੱਖ ਤੇ ਲੋਹੜੇ ਦੀ ਲਾਲੀ ਲਿਆ ਗੁੱਸੇ ਭਰਿਆ ਅੰਦਾਜ਼ ਬਣਾ, ਤੱਕਣ ਲਗਦੀ ਹੈ। ……… ਮੈਂ ਤਾਂ ਸਿਰਫ ਉਸਨੂੰ ਇੰਨਾ ਹੀ ਕਿਹਾ ਸੀ ਕਿ, ਸੁਣ! “ਦਿਲ ਦੀ ਗੱਲ ਕਹਿਣ ਲੱਗਾ ਹਾਂ, ਅੱਜ ਤੈਨੂੰ ਮੁਦੱਤ ਬਾਅਦ ” ਬਿਨਾਂ ਸ਼ਬਦਾਂ ਤੋਂ ‘ਹਾਂ’ ਵਿੱਚ ਸਿਰ ਹਿਲਾਉਂਦੀ ਨੇ ਗੱਲ ਕਰਨ ਦਾ ਇਸ਼ਾਰਾ ਕੀਤਾ ਸੀ। ……… “ਮੈਨੂੰ ਰੂਹਾਂ ਦਿਸਦੀਆਂ ਨੇ” ਮੇਰੇ ਇੰਨਾ ਕਹਿਣ ਬਾਅਦ ਉਸ ਨੇ ਇੰਨਾ ਸੁਣਨ ਬਾਅਦ “ਕਿੱਥੇ?” ਜਰੂਰ ਕਿਹਾ ਸੀ… “ਮੇਰੀ ਲਾਇਬਰੇਰੀ ਵਿੱਚ” ਜਦੋਂ ਇਹ ਬੋਲ ਮੈਂ ਕਹੇ ਸੀ ਤਾਂ, ਉਸਦੇ ਨੈਣ ਕਟੋਰੇ ਖਾਰੇ ਹੰਝੂਆਂ ਨਾਲ ਉਪਰ ਤੱਕ ਭਰੇ, ਛਲਕ ਰਹੇ ਸਨ। ……… “ਕੀ ਤੂੰ ਹੁਣ ਇਨ੍ਹਾਂ ਨਾਲ ਰਲ਼ਣਾ ਚਾਹੁੰਦਾ ਏਂ?” ਸਵਾਲ ਹਵਾ ਦੀਆਂ ਲਹਿਰਾਂ ਪਾਰ ਕਰ ਕੇ ਕੰਨਾਂ ਤੱਕ ਪੁੱਜ ਚੁੱਕਾ ਸੀ। “ਹਾਂ” ਇੰਨਾ ਹੀ ਕਹਿ ਸਕਿਆ ਸਾਂ ਉਸਨੂੰ। ……… “ਇਹ ਉਮਰਾਂ ਦੀ ਸਾਧਨਾ ਦਾ ਫਲ਼, ਤੂੰ ਬਿੰਦ ਝੱਟ ਵਿੱਚ ਪਾਉਣਾ ਚਾਹੁੰਨਾ ਏਂ? ” ਸਵਾਲਾਂ ਦੀ ਝੜੀ ਲਾਈ ਜਾ ਰਹੀ ਸੀ ਉਹ। “ਹਾਂ” ਮੈਂ ਡਰਦੇ ਡਰਦੇ ਆਖਿਆ ਸੀ। “ਇਹ ਕਿੰਝ ਹੋ ਸਕਦਾ ਏ?” ਨਵਾਂ ਪ੍ਰਸ਼ਨ ਸੀ ਮੇਰੇ ਲਈ। “ਤੇਰੇ ਹੁੰਦਿਆਂ ਹੋਇਆਂ ਵੀ ਨਹੀਂ?” ਉਲਟਾ ਉਸ ਨੂੰ ਪੁੱਛਿਆ ਸੀ ਮੈਂ। “ਸ਼ਾਇਦ…” ‘ਕਲਮ’ ਦਾ ਜਵਾਬ ਸੀ।

ਨਜ਼ਮ: ਰੇਤ ਅਤੇ ਰੱਤ....

ਰੇਤ ਅਤੇ ਰੱਤ ਕੀ ਰੇਤ ਵੀ ਆਪਣੀ ਰੱਤ ਪੀਂਦੀ ਏ? ਜਿਉਂ ਨੈਣ ਆਪਣੇ ਹੰਝੂ ਆਪ ਹੀ ਪੀਂਦੇ ਨੇ! ਇਰਾਕ ਦੀ ਰੇਤ ਪੰਜਾਬ ਦੀ ਰੇਤ ਅਫ਼ਗਾਨਿਸਤਾਨ ਦੀ ਰੇਤ ਵੀਅਤਨਾਮ ਦੀ ਰੇਤ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਰੇਤ! ਜ਼ਾਲਮ ਤੇ ਜੰਗ ਦਾ ਮੇਲ਼, ਮਜ਼ਲੂਮ ਦੀ ਮੌਤ ਦਾ ਖੇਲ ਤੇ ਜਦੋਂ ਵੀ, ਸ਼ਾਤ ਵਸਦੀ ਜਗ੍ਹਾ ਦੀ ਰੇਤ ਦਾ, ਪਿਆ ਜ਼ਾਲਮ ਨਾਲ ਗੂੜ੍ਹਾ ਸਬੰਧ ਤੇ ਉਦੋਂ ਹੀ ਹੋ ਜਾਂਦਾ ਏ, ਮਿੱਟੀ ਵਿੱਚ ਰੁਲ਼ਦੀਆਂ ਲਾਸ਼ਾਂ ਦੇ ਲਹੂ ਦਾ, ਰੇਤ ਵਲੋਂ ਪੀਣ ਦਾ ਪ੍ਰਬੰਧ। ਇਹ ਕਿੰਨੀ ਕੁ ਹੋਰ ਪਿਆਸੀ? ਸੋਚਦਾ ਹਾਂ ਤੇ ਬੱਸ ਉਦਾਸੀ ਹੀ ਉਦਾਸੀ ਤੇ ਇੰਨੇ ਹੀ ਚਿਰ 'ਚੇ, ਕਿਸੇ ਦੀ ਜੀਵਨ ਤੋਂ ਖ਼ਲਾਸੀ? ਰੇਤ ਵਿੱਚੋਂ ਅਵਾਜ਼ ਆਈ ਆਦਮ ਬੋ! ਆਦਮ ਬੋ! ਮਨੁੱਖਤਾ ਦੇ ਮਾਸ ਨਾਲੋਂ ਨਾ ਹੋਰ ਚੰਗੀ ਕੋਈ ਖ਼ੁਸ਼ਬੋਅ! ਮੌਤ ਵੀ ਕਤਲ ਹੋ ਗਈ ਜ਼ਿੰਦਗੀ ਅਪੰਗ ਹੋ ਗਈ ਪਰ ਰੇਤ ਅਜੇ ਵੀ ਪਿਆਸੀ? ਇਹ ਜਨਮਾਂ ਦੀ ਪਿਆਸ ਇਸ ਦੀ ਪਤਾ ਨਹੀਂ ਕਦੋਂ ਬੁਝਣੀ ਏ? ਰੇਤ ਅਤੇ ਰੱਤ ਦੀ ਯਾਰੀ ਪਤਾ ਨਹੀਂ ਕਿੰਨਾ ਚਿਰ ਅਜੇ ਹੋਰ ਨਿਭਣੀ ਏ? ਹਾਏ ਕਦੇ ਤਾਂ, ਮਨੁੱਖਤਾ ਦੀ ਸੋਚ ਜਾਗੇ, ਹਾੜੇ! ਹਾੜੇ! ਰੱਬ ਖੈਰ ਕਰੇ ਕਦੇ ਤਾਂ ਮਨੁੱਖ, ਮਨੁੱਖਤਾ ਦੇ ਦਿਲ 'ਚੋਂ ਦੂਰ ਵੈਰ ਕਰੇ! ਆਮੀਨ!!

ਨਜ਼ਮ: ਸੱਚ ਦੀ ਲਾਸ਼....

ਸੱਚ ਦੀ ਲਾਸ਼ ਸ਼ਾਇਦ, ਥੋੜੇ ਜਿਹੇ ਸਾਹ ਤਾਂ ਅਜੇ ਬਚੇ ਹੋਏ ਹੀ ਹੋਣਗੇ? ਪਰ ਨਹੀਂ, ਮੈਂ ਗਲਤ ਹੀ ਸੋਚਦਾ ਸੀ! ‘ਸੱਚ ਮਰ ਗਿਆ ਹੈ’ ਪਰ ਫਿਰ ਵੀ, ਪਤਾ ਨਹੀਂ ਕਿਉਂ? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ। ਐਪਰ ‘ਝੂਠ’ ਉੱਚੀ ਉੱਚੀ ਚੀਕ ਰਿਹਾ ਹੈ ਕਿ “ਮੈਥੋਂ ਸਿਵਾ ਕੋਈ ਨਹੀਂ ਹੈ ਇੱਥੇ ਹੁਣ, ਸਭ ਨੂੰ ਹੱਥੀਂ ਮਾਰਿਆ ਹੈ ਮੈਂ, ਮੁਹੱਬਤ, ਇਮਾਨ, ਯਕੀਨ, ਸੱਚ ਆਦਿ ਸਭ ਕੁਝ ਹੋਰ ਵੀ, ਜੋ ਇਨਸਾਨ ਬਣਨ ਲਈ ਲੋੜੀਂਦੇ ਨੇ, ਤੂੰ ਕਿੰਨਾ ਵੀ ਕਿਸੇ ਨੂੰ ਇਹ ਸਿੱਧ ਕਰ ਕਿ ਇਹ ਸਭ ਧਰਤੀ ਤੇ ਹੈ, ਪਰ ਨਹੀਂ, ਤੇਰੀ ਗੱਲ ਕੋਈ ਨਹੀਂ ਸੁਣੇਗਾ।” “ਮੇਰੀ ਗੱਲ ਮੰਨ” ‘ਝੂਠ’ ਅਜੇ ਵੀ ਆਪਣੀ ਤਕਰੀਰ ਜਾਰੀ ਰੱਖ ਰਿਹਾ ਹੈ, “ਮੈਂ ਸੱਚ ਦੀ ਲਾਸ਼ ਆਪ ਆਪਣੇ ਹੱਥੀਂ ਦਫਨ ਕੀਤੀ ਹੈ।” ਪਰ ਪਤਾ ਨਹੀਂ ਕਿਉਂ? ਮੇਰੀ ਆਸ ਦੀ ਕਿਰਨ ਅਜੇ ਵੀ ਸਹਿਕਦੀ ਹੈ ਕਿ ਸ਼ਾਇਦ, ਸੱਚ ਦਾ ਕਤਰਾ, ਸਮੁੰਦਰ ਬਣਨ ਲਈ ਆਦਮੀ ਦੀ ਕੁੱਖ ਵਿੱਚ ਅਜੇ ਵੀ ਸ਼ਾਇਦ ਮਚਲ ਰਿਹਾ ਹੋਵੇ ਆਪਣੀ ਲਾਸ਼ ਨੂੰ ਜਿੰਦਗੀ ਵਿੱਚ ਬਦਲਣ ਦੀ ਤਾਕਤ ਰੱਖਦਾ ਹੋਵੇ!

ਨਜ਼ਮ: ਲਾਲ ਸਿੰਘ 'ਦਿਲ' ਨੂੰ ਸ਼ਰਧਾਂਜਲੀ...

ਮਹਾਨ ਕਵੀ ਲਾਲ ਸਿੰਘ 'ਦਿਲ' ਦੀ ਮਿੱਟੀ ਦੇ ਤੁਰ ਜਾਣ ਤੇ ਮੇਰੀ ਕਲਮ ਵਲੋਂ ਕੁਝ ਸ਼ਬਦ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ: ਦਿਲ ਤੂੰ ਗਿਆ! ਘੋਰ ਚੁੱਪ ਛਾ ਗਈ ਲਗਦੀ ਏ ਜਦ 'ਦਿਲ' ਹੀ ਧੜਕਣਾ ਬੰਦ ਕਰ ਦੇਵੇ ਤਾਂ, ਚੁੱਪ ਦਾ ਪਸਰ ਜਾਣਾ ਯਕੀਨਨ ਹੈ। ਹੁਣ, ਇਸ ਵਿਰਾਨਗੀ 'ਚੋਂ ਕਈ ਕਲਮਾਂ ਉਠਣਗੀਆਂ! ਲੰਮੇ ਲੰਮੇ ਵੈਣ ਪੈਣਗੇ ਜੁਦਾਈ ਦੇ ਨਾਂ ਤੇ। ਲਹੂ ਦੀ ਲੋਅ 'ਕੈਸ਼' ਕਰਨ ਲਈ ਕਾਗ਼ਜ਼ ਹੱਥ ਪੈਰ ਮਾਰਨਗੇ ਤੇਰੀ ਸੋਚ ਨਾਲੋਂ ਆਪਣੀ ਸਿਆਹੀ ਦਾ ਰੰਗ ਗੂੜ੍ਹਾ ਕਰਨ ਲਈ ਪੂਰਾ ਤਾਣ ਲਾਉਣਗੇ। ਪਰ ਤੇਰੇ ਲਹੂ ਦੇ ਵਗਦਿਆਂ ਹੋਇਆਂ, ਸ਼ਾਇਦ ਇਹ ਕਲਮਾਂ ਕਦੀ, ਤੇਰੇ ਖੋਖੇ ਤੇ ਚਾਹ ਪੀਣ ਵੀ ਨਹੀਂ ਸਨ ਆਈਆਂ ਹੋਣੀਆਂ! ……………… ਮੈਂ ਤੈਨੂੰ ਸਾਹਵੇਂ ਖੜ੍ਹ ਕੇ ਵੇਖਿਆ ਤਾਂ ਨਹੀਂ, ਪਰ ਤੇਰੇ ਕੁਝ ਅੱਖਰਾਂ ਨੂੰ ਜਰੂਰ ਵਾਚਿਆ ਸੀ, ਤੇਰੀਆਂ ਭਾਵਨਾਵਾਂ 'ਚੋਂ ਉੱਠਦਾ ਧੂੰਆ ਜਰੂਰ ਤੱਕਿਆ ਸੀ, ਲਹੂ ਦੇ ਜਲੌਅ ਵਿੱਚ ਕਿਰਚਾਂ ਮੱਚਦੀਆਂ ਮਹਿਸੂਸ ਕੀਤੀਆਂ ਸਨ! ……………… ਅੱਜ ਤੇਰੀ ਰੂਹ ਆਹ ਵੇਖ! ਮੇਰੇ ਸਾਹਵੇਂ ਖਲੋਤੀ, ਮੈਨੂੰ ਲਿਖਦੇ ਨੂੰ ਵੇਖ ਰਹੀ ਏ, 'ਕਲਮ' ਦਾ ਫ਼ਰਜ਼ ਕੀ ਏ? ਯਾਦ ਕਰਾ ਰਹੀ ਏ! ਯਾਦ ਕਰਾ ਰਹੀ ਏ!!

ਨਜ਼ਮ: ਅਹਿ ਅਜ਼ਾਦੀ...

ਅਹਿ ਅਜ਼ਾਦੀ ਅਹਿ ਅਜ਼ਾਦੀ! ਸੁਣ! ਤੈਨੂੰ ਭਾਰਤ ਆਈ ਨੂੰ ਅੱਜ, ਭਾਵੇਂ ੬੦ ਸਾਲ ਹੋ ਗਏ ਨੇ ਪਰ ਤੂੰ ਸਦਾ ਉਨ੍ਹਾਂ ਤੋਂ ਦੂਰ ਹੀ ਰਹੀ ਜਿਨ੍ਹਾਂ ਨੇ ਤੇਰੇ ਰਾਹਾਂ ਵਿੱਚ ਆਪਣੇ ਸਾਹ, ਫੁੱਲਾਂ ਦੀ ਥਾਵੇਂ ਵਿਛਾਏ ਸਨ ਜਿਨ੍ਹਾਂ ਨੇ ਆਪਣੇ ਖ਼ੂਨ ਨਾਲ ਤੇਰੇ ਝੰਡੇ ਉੱਪਰ, ਰੰਗ ਚੜ੍ਹਾਏ ਸਨ। ਪਰ, ਤੂੰ ਹਾਕਮ ਨਾਲ ਰਲ਼ ਕੇ ਪਤਾ ਨਹੀਂ, ਕਿਹੜੇ ਨਸ਼ੇ ਵਿੱਚ ਮਗਰੂਰ ਹੀ ਰਹੀ? ਤੂੰ ਆਈ ਸੀ ਮੁੱਹਬਤ ਹੋਰਾਂ ਦੀ ਬਣਕੇ, ਪਰ ਹਾਕਮ ਦੀ ਬਣੀ ਹੂਰ ਹੀ ਰਹੀ ਉਨ੍ਹਾਂ ਦੀ ਤੈਂ ਕਦੀ ਵੀ, ਪਰਵਾਹ ਨਹੀਂ ਕੀਤੀ ਜਿਨ੍ਹਾਂ ਦੇ ਖ਼ੂਨ ਨਾਲ ਲਬਰੇਜ਼ ਹੈ, ਤੇਰੀ ਧਰਤੀ ਦੀ ਜ਼ਰਖੇਜ਼ ਤੇਰਾ ਕਣ ਕਣ, ਤੇਰਾ ਇਹ ਦੇਸ ਤੇਰੇ ਇਹ ਵਣ, ਤੇਰੇ ਇਹ ਖੇਤ ਜਰਾ ਜਰਾ ਤੇਰਾ, ਗਵਾਹ ਹੈ ਉਨ੍ਹਾਂ ਦੀ ਵਫ਼ਦਾਰੀ ਦਾ। ਕਦੇ ਤਾਂ ਆਪਣੀ ਬੁੱਕਲ ਦਾ ਨਿੱਘ, ਉਨ੍ਹਾਂ ਨੂੰ ਦੇਹ, ਜੋ ਇਸ ਦੇ ਅਸਲੀ ਹੱਕਦਾਰ ਨੇ ਅੱਜ ਵੀ, ਆਹ ਵੇਖ, ਤੇਰੀ ਛੋਹ ਲਈ ਤਰਸਦੇ ਨਿੱਕੇ ਨਿੱਕੇ ਹੱਥ, ਜਿਨ੍ਹਾਂ ਹੱਥਾਂ ਵਿੱਚ ਅੱਖਰਾਂ ਦੀ ਥਾਂ ਤੇ ਮਜਬੂਰੀਆਂ ਦੇ ਠੂਠੇ ਫੜੇ ਹੋਏ ਨੇ ਤੇਰੇ ਮੋਹ ਲਈ ਤਰਸਦੇ ਨੇ ਭੁੱਖੀਆਂ ਕਿਰਚਾਂ ਨਾਲ ਭਰੇ ਹੋਏ ਨੈਣ ਜਿਹੜੇ ਤੇਰੇ ਰਾਹ ਵਿੱਚ ਸਾਲਾਂ ਤੋਂ ਸਿਜਦੇ ਕਰਦੇ ਆ ਰਹੇ ਨੇ, ਰੋਟੀ ਦੇ ਇੱਕ ਟੁੱਕ ਦੀ ਖਾਤਿਰ। ਤੈਨੂੰ ਪਾਉਣ ਦੀ ਪਿਆਸ ਅਜੇ ਅਧੂਰੀ ਹੈ ਉਨ੍ਹਾਂ ਦਿਲਾਂ ਦੀ, ਜਿਹੜੇ ਤੇਰੀ ਲਾਟ ਉੱਤੇ ਲਟ ਲਟ ਕਰ ਕੇ ਬਲ਼ ਗਏ ਸੀ ਇੱਕ ਦਿਨ। ਸੱਚ ਹੈ ਸਦੀਆਂ ਦਾ ਕਿ, ਭਾਵੇਂ ਪਰਵਾਨਿਆਂ ਨੇ ਸ਼ਮ੍ਹਾ ਲਈ ਹਮੇਸ਼ਾਂ ਜਾਨ

ਕਵਿਤਾ: ਨੀ ਮੇਰੀ ਹੋਣ ਵਾਲੀਏ ਮਾਂਏ ਨੀ...

ਨੀ ਮੇਰੀ ਹੋਣ ਵਾਲੀਏ ਮਾਂਏ ਨੀ ਮੇਰੀ ਭੋਲ਼ੀ ਮਾਂ ਮੇਰੀ ਸੁਣ ਫਰਿਆਦ ਤੂੰ ਭੁੱਲ ਜਏਂਗੀ ਮੈਨੂੰ ਕਰਕੇ ਯਾਦ ਜਿਸ ਦੁਨੀਆਂ ਵਿੱਚ ਤੂੰ ਵਸਦੀ ਏਂ ਜਿਹੜੇ ਚਮਨਾਂ ਵਿੱਚ ਤੂੰ ਹੱਸਦੀ ਏਂ ਜਿਸ ਹਵਾ 'ਚ ਸਾਹ ਤੂੰ ਲੈਨੀਂ ਏਂ ਜੀਹਨੂੰ ਬਾਗ ਬਹਾਰਾਂ ਕਹਿਨੀਂ ਏਂ ਇਹ ਦੁਨੀਆਂ ਮੈਨੂੰ ਵੀ ਤਕ ਲੈਣ ਦੇ ਮੈਨੂੰ ਕਦਮ ਧਰਤ ਤੇ ਰੱਖ ਲੈਣ ਦੇ ਮੈਨੂੰ ਕੁੱਖ ਵਿੱਚ ਕਤਲ ਕਰਾਵੀਂ ਨਾ ਨੀ ਮੈਂ ਜੀਣ ਜੋਗੀ ਮਰਵਾਵੀਂ ਨਾ ਨੀ ਮੈਂ ਜੀਣ--- ਸੁਣ ਨੀ ਮੇਰੀ ਧੀਏ ਨੀ ਹਾਏ ਧੀਏ ਨੀ ਨੀ ਤੂੰ ਤਾਂ ਕੁਝ ਨਾ ਜਾਣਦੀ ਧੀਏ ਨੀ ਇਹ ਦੁਨੀਆਂ ਤੈਨੂੰ ਚਾਹੁੰਦੀ ਨਹੀਂ ਤੈਨੂੰ ਸਮਝ ਕਿਉਂ ਹਾਏ ਆਉਂਦੀ ਨਹੀਂ ਇਹ ਧੀਆਂ ਨੂੰ ਮਾਰ ਮੁਕਾਉਂਦੀ ਏ ਮੇਰੀ ਸੋਚ ਤੇ ਵਾਰ ਚਲਾਉਂਦੀ ਏ ਇਸ ਦੁਨੀਆਂ ਤੇ ਇੱਕ ਮਰਦ ਵੀ ਏ ਉਹ ਨਰਮ ਵੀ ਏ ਬੇਦਰਦ ਵੀ ਏ ਮੇਰੀ ਸੋਚ ਤੇ ਓਹਦਾ ਕਬਜ਼ਾ ਏ ਮੇਰੇ ਮਨ ਵਿੱਚ ਓਹਦਾ ਜਜ਼ਬਾ ਏ ਮੇਰੇ ਮਨ ਵਿੱਚ---- ਨੀ ਸੁਣ ਤਾਂ ਮੇਰੀ ਅੰਮੜੀਏ ਨੀ ਮੇਰੀ ਹੋਣ ਵਾਲੀਏ ਅੰਮੜੀਏ ਨੀ ਤੈਨੂੰ ਕਲੀ ਨੂੰ ਕਿਸੇ ਖਿਲਾਇਆ ਏ ਕਿਸੇ ਮਾਂ ਵੀ ਤੈਨੂੰ ਜਾਇਆ ਏ ਇਹ ਧਰਤੀ ਵੀ ਤਾਂ ਮਾਂ ਬਣਦੀ ਕੀ ਇਹ ਵੀ ਸਾਰੇ ਪੁੱਤ ਜਣਦੀ? ਇਹ ਧੀਆਂ ਵੀ ਤਾਂ ਜਣਦੀ ਏ ਓਹਨਾਂ ਦੀ ਮਾਂ ਵੀ ਬਣਦੀ ਏ ਤੇਰਾ ਮੇਰੇ ਤੇ ਉਪਕਾਰ ਹੋਊ ਨਾਲੇ ਤੇਰਾ ਵੀ ਸਤਿਕਾਰ ਹੋਊ ਹਾਂ ਰੱਬ ਦੇ ਘਰ--- ਨੀ ਮੇਰੀ ਅੱਧ ਖਿਲੀਏ ਕਲੀਏ ਨੀ ਸੁਣ ਮੇਰੀ ਵੀ ਤਾਂ ਭਲੀਏ ਨੀ ਮੇਰਾ ਇਹਦੇ 'ਚ ਨਾ ਕਸੂਰ ਕੋਈ ਮੈਂ ਡਾਹਢੀ ਹੀ ਮਜ਼ਬੂਰ ਹੋਈ ਇਸ ਸਮਾਜ ਤੇ ਚੌ

ਕਵਿਤਾ: ਮਹਿਬੂਬਾ...

ਮਹਿਬੂਬਾ ਜਦ ਕਦੀ ਉਹਦੀ ਜ਼ੁਲਫ ਦਾ ਕਾਲਾ ਸ਼ਾਹ ਵਾਲ ਟੁੱਟ ਕੇ ਮੇਰੇ ਜ਼ਿਹਨ ਦੀਆਂ ਬਿਖਰੀਆਂ ਤੰਦਾਂ ’ਚ ਫਸ ਜਾਂਦਾ ਏ ਮੈਂ ਉਦਾਸ ਹੋ ਜਾਂਦਾ ਹਾਂ ਜਦ ਕਦੀ ਉਹਦੇ ਛਲਕਦੇ ਨੈਣਾਂ ਦੇ ਪਿਆਲਿਆਂ ’ਚੋਂ ਸਵਾਂਤੀ ਬੂੰਦ ਜਿਹਾ ਹੰਝੂ ਸੋਚਾਂ ਦੀ ਹਥੇਲੀ ਤੇ ਡਿੱਗ ਪੈਂਦਾ ਏ ਮੈਂ ਉਦਾਸ … ਜਦ ਕਦੀ ਉਹਦੇ ਹੋਠਾਂ ਦਾ ਸੁਰਖ਼ ਰੰਗ, ਲਹੂ ਵਾਂਗ ਸਰੀਰ ਦੇ ਜਰੇ ਜਰੇ ਵਿੱਚ ਦੌੜਦਾ ਜਾਪਦਾ ਏ ਮੈਂ ਉਦਾਸ … ਜਦ ਕਦੀ ਉਹਦੇ ਸਹਿਮੇ ਹੋਏ ਮਦਹੋਸ਼ ਅੰਗਾਂ ’ਚ ਕੁਦਰਤ ਦੀ ਖੁਸ਼ਬੋਈ ਅਧਮੋਈ ਹੋਈ ਦਿਸਦੀ ਏ ਮੈਂ ਉਦਾਸ … ਜਦ ਕਦੀ ਓਸ ਦੀ ਇਬਾਦਤ ‘ਚ ਮੇਰੀ ਕਲਮ ਆਪ ਮੁਹਾਰੇ ਕੋਰੇ ਕਾਗ਼ਜ਼ ਦੀ ਹਿੱਕ ਤੇ ਤਾਜ਼ੇ ਜ਼ਖ਼ਮਾਂ ਨੂੰ ਝਰੀਟਦੀ ਏ ਮੈਂ ਉਦਾਸ … ਜਦ ਕਦੀ ਮੈਂ ਸੜਦੇ ਸ਼ਹਿਰ ਦੇ ਬਲ਼ਦੇ ਸਿਵਿਆਂ ‘ਚੋਂ ਉਸ ਨੂੰ ਧੂੰਆਂ ਬਣ ਕੇ ਉੱਡਦਾ ਹੋਇਆ ਤੱਕਦਾ ਹਾਂ ਮੈਂ ਉਦਾਸ … ਜਦ ਕਦੀ ਉਹਦੇ ਵਿਹੜੇ ਵਾਲੀ ਹਵਾ ‘ਚੋਂ ਵੈਣਾਂ ਦੀ ਵਾਸ਼ਨਾ ਮੇਰੇ ਮਨ ਦੇ ਵਿਹੜੇ ਨੂੰ ਅਣਭੋਲ ਹੀ ਤੁਰੀ ਆਉਂਦੀ ਏ ਮੈਂ ਉਦਾਸ … ਜਦ ਕਦੀ ਗੁੰਮਨਾਮ ਖ਼ਾਮੋਸ਼ੀਆਂ ਦੇ ਦਰਦ ਦਾ ਦਰਿਆ ਉਹਦੇ ਅਤੇ ਮੇਰੇ ਸੀਨੇ ਤੇ ਇੱਕ ਹੀ ਵਹਿਣ ‘ਚੇ ਵਗਦਾ ਏ ਮੈਂ ਉਦਾਸ ਹੋ ਜਾਂਦਾ ਹਾਂ ਹਰ ਵਕਤ ਉਸ ਦੀਆਂ ਯਾਦਾਂ ਦਾ ਆਲਮ ਮੇਰੇ ਸਾਹਵਾਂ ‘ਚ ਭਟਕਦੀ ਜਿੰਦਗੀ ਦਾ ਯਮਰਾਜ ਬਣ ਬੈਠਾ ਏ, ਕਿਉਂਕਿ, ਉਦਾਸੀ ਨੂੰ ਮੇਰੀ ਮਹਿਬੂਬਾ ਹੋਣ ਦਾ ਭਰਮ, ਸੱਚਾ ਖ਼ਾਬ ਬਣ ਬੈਠਾ ਏ।