Posts

Showing posts with the label ਕਵਿਤਾ

ਕਵਿਤਾ - ਪਰਵਾਜ਼

ਪਰਵਾਜ਼ ਪਿੰਜਰੇ ਵੀ ਪਾ ਕੇ ਭਾਵੇਂ, ਤੂੰ ਰੱਖ ਲਈ ਹੁਣ ਪਰਵਾਜ਼ ਦੱਸ ਕੈਦ ਕਿੰਝ ਕਰੇਂਗਾ? ਹੁਣ ਤੂੰ ਉਸ ਦੀ ਅਵਾਜ਼ ਹੁਣ ਏਥੇ ਹਰ ਜਿਸਮ ਹੀ, ਬੇ-ਪਰਦ ਹੋ ਰਿਹਾ, ਕੀ ਮੁੱਕ ਜਾਊ ਮੇਰੀ ਹੋਂਦ? ਭੈ ਖਾਂਦਾ ਹੈ ਅੱਜ ਰਾਜ਼ ਤੂੰ ਪਿੱਛੇ ਮੁੜ ਕੇ ਵੇਖੀਂ, ਜਦ ਦੂਰ ਜਾਵੇਂ ਗਾ, ਤੇਰੇ ਨੈਣਾਂ 'ਚੋਂ ਚਿਰਾਗ , ਲੈ ਲਊ ਗੀ ਤੇਰੀ ਯਾਦ "ਕੀ ਤੇਰਾ ਵੀ ਲਹੂ ਲਾਲ? ਹਾਂ ਮੇਰਾ ਵੀ ਲਹੂ ਲਾਲ", ਅੱਜ 'ਗੋਰਾ' ਮਾਸ ਪੁੱਛਦਾ, ਹੈ ਦੱਸਦਾ 'ਕਾਲਾ' ਮਾਸ ਹੁਣ ਪੈਸਾ ਹੀ ਪਿਆਰਾ, ਲੱਗਦਾ ਹੈ ਹੋ ਗਿਆ, ਪਰ ਭੁੱਲਦਾ ਜਾ ਰਿਹਾ ਹਾਂ, ਮੈਂ ਇਨਸਾਂ ਦੀ ਜਾਤ ਮੋਤੀ ਤਾਂ ਸਾਗਰ ਵਿੱਚੋਂ, ਖੁਦ ਹੀ ਲੱਭਣੇ ਪੈਣੇ, ਨਾ ਕਰ ਹੁਣ ਪਰੇਸ਼ਾਂ, ਤੂੰ ਕੋਈ ਕਰਾਮਾਤ ਜਿਨ੍ਹਾਂ ਰਾਖੀ ਦਾ ਭਰਮ ਹੈ, ਮੇਰੇ ਦਿਲ ਵਿੱਚ ਪਾਲ਼ਿਆ, ਉਹ ਕੰਡੇ ਖਾ ਰਹੇ ਨੇ, ਅੱਜ ਮੇਰਾ ਗੁਲਾਬ ਜਿਸ ਸਾਜ਼ ਨੇ ਕਦੇ ਵੀ, ਅਵਾਜ਼ ਉੱਚੀ ਕੀਤੀ, ਸਜ਼ਾ ਫਿਰ ਹਾਕਮ ਹੱਥੋਂ, ਸਦਾ ਹੀ ਪਾਈ ਸਾਜ਼ ਏਥੇ ਚਿੜੀਆਂ ਤਾਂਈ ਸਾਰੇ, ਫੜ ਫੜ ਕੇ ਮਾਰਦੇ, 'ਕੰਗ' ਛੋਹ ਕੇ ਵੀ ਵੇਖੋ, ਕਦੀ ਤਾਂ ਜ਼ਾਲਿਮ ਬਾਜ਼।

ਕਵਿਤਾ - ਸਭ ਸਾਫ਼ ਸਾਫ਼...

ਸਭ ਸਾਫ਼ ਸਾਫ਼ ਦੱਸਾਂ? ਉੱਭਰੀ ਲਕੀਰ ਵਾਂਗ ਦਰ ਤੇਰੇ ਤੇ ਆ ਖੜਾ ਹਾਂ, ਮੈਂ ਫਕੀਰ ਵਾਂਗ ਤੂੰ ਮੋੜੀਂ ਨਾ ਮੈਨੂੰ ਦਰ ਤੋਂ, ਰੁੱਠੜੀ ਤਕਦੀਰ ਵਾਂਗ ਅੱਜ ਭਰਦੇ ਮੇਰਾ ਕਾਸਾ, ਤੂੰ ਵਿੱਛੜੀ ਹੀਰ ਵਾਂਗ ਮੈਂ ਹਾਂ ਫਕੀਰ ਭਾਵੇਂ, ਪਰ ਫਿਰ ਵੀ ਨਹੀਂ ਗਰੀਬ, ਤੇਰੀ ਯਾਦ ਨੂੰ ਮੈਂ ਸਮਝਾਂ, ਕਿਸੇ ਜਾਗੀਰ ਵਾਂਗ ਜਦ ਯਾਦ ਕਰਾਂ ਪਲ ਓਹ, ਜਿਸ ਵਕਤ ਜੁਦਾ ਹੋਇਓਂ ਪਲ ਜ਼ਿਹਨ ਵਿੱਚ ਖੁੱਭਦਾ, ਕਿਸੇ ਕਰੀਰ ਵਾਂਗ ਹੋਈ ਦਿਲ ਦੀ ਛੱਤ ਬੋਝਲ, ਗ਼ਮਾਂ ਦੇ ਕੱਲਰ ਨਾਲ, ਲੱਗਦਾ ਹੈ ਜਿਸਮ ਟੁੱਟਣਾ, ਮਾੜੇ ਸ਼ਤੀਰ ਵਾਂਗ ਮੈਂ ਅੱਜ ਤੱਕ ਤੇਰੇ ਕੋਲੋਂ, ਕੁਝ ਵੀ ਤਾਂ ਨਹੀਂ ਲੁਕਾਇਆ, ਤੇਰੇ ਸਾਹਮਣੇ ਰਿਹਾ ਹਾਂ, ਨਿੱਤਰੇ ਹੋਏ ਨੀਰ ਵਾਂਗ ਲੱਖ ਮੋੜਿਆਂ ਨਹੀਂ ਮੁੜਦੇ, ਕੁਝ ਬੋਲ ਐਸੇ ਹੁੰਦੇ, ਮੁੜ ਚੜ੍ਹਦੇ ਨਾ ਕਮਾਨੀਂ, ਛੱਡੇ ਹੋਏ ਤੀਰ ਵਾਂਗ ਇਹ ਇੱਜ਼ਤਾਂ 'ਚ ਰੰਗੀਓ, ਹੁਣ ਚੁੰਨੀ ਸਾਂਭ ਸਿਰ ਤੇ, ਨਾ ਪੈਰਾਂ ਦੇ ਵਿੱਚ ਰੋਲ਼, ਕਿਸੇ ਪਾਟੀ ਲੀਰ ਵਾਂਗ ਉਹ ਤੁਰ ਪਿਆ ਸੀ ਆਪੇ, ਕਿਸੇ ਫਕੀਰ ਵਾਂਗ ਤੂੰ ਰੋਕਦਾ ਕਿਵੇਂ 'ਕੰਗ'? ਨੈਣਾਂ ਦੇ ਨੀਰ ਵਾਂਗ

ਕਵਿਤਾ - ਜੇੜ੍ਹੇ ਫੁੱਲ......

ਜੇੜ੍ਹੇ ਫੁੱਲ ਖੁਸ਼ਬੋਅ ਨਹੀਂ ਦਿੰਦੇ, ਸਾਡੇ ਵਿਹੜੇ ਉੱਗਣ ਨਾ ਜੇੜ੍ਹੇ ਬੋਲ ਵਫ਼ਾ ਨਹੀਂ ਕਰਦੇ, ਸਾਨੂੰ 'ਕੰਗ' ੳੁਹ ਪੁੱਗਣ ਨਾ ਆਪਣਾ ਆਪਾ ਖੋਰ ਖੋਰ ਕੇ, ਤੈਨੂੰ ਇੰਨਾ ਹਸਾਇਆ ਮੈਂ ਖੰਜਰ ਵੀ ਕੀ ਦੁੱਖ ਦੇਣਗੇ, ਉਹ ਵੀ ਹੁਣ ਤਾਂ ਚੁੱਭਣ ਨਾ ਦੂਰ ਗ਼ਮਾਂ ਤੋਂ ਜਿੰਨਾ ਰਹਿ ਲਾਂ, ਕੋਲ਼ੇ ਕੋਲ਼ੇ ਆੳੁਂਦੇ ਨੇ ਇਸ਼ਕ ਦੇ ਝੱਖੜ ਸੁਣ ਓ ਰੱਬਾ, ਹੋਰ ਦਿਲਾਂ 'ਤੇ ਝੁੱਲਣ ਨਾ ਇੱਕ ਛੱਤ ਥੱਲੇ ਰਹਿਨੇਂ ਆਂ, ਨਿੱਤ ਸੁਣਦੇ ਨਿੱਤ ਕਹਿਨੇਂ ਆਂ ਫਿਰ ਵੀ ਤੇਰੇ ਦਿਲ ਤੋਂ ਮੇਰੇ, ਦਿਲ ਦੀਆਂ ਦੂਰੀਆਂ ਮੁੱਕਣ ਨਾ ਸਾਰੀ ਜ਼ਿੰਦਗੀ ਗ਼ਮੀ ਕਮਾੲੀ, ਤੇ ਕੁਝ ਕੂਲ਼ੀਆਂ ਯਾਦਾਂ ਵੀ ਜਾਂ ਕੁਝ ਐਸੇ ਯਾਰ ਕਮਾੲੇ, ਜੇੜ੍ਹੇ ਕਦੀ ਵੀ ਭੁੱਲਣ ਨਾ ਇਸ਼ਕ ਕਿਤਾਬਾਂ ਫੋਲ ਫੋਲ ਕੇ, ਸਾਰੇ ਵਰਕੇ ਪਾੜ ਲੲੇ ਯਾਰ ਨੂੰ ਮਿਲਣਾ ਕਿੰਝ 'ਕਮਲ', ਡਿੱਗੇ ਪਰਦੇ ੳੁਠਣ ਨਾ ਦਸੰਬਰ ੨੦੧੫

ਕਵਿਤਾ - ਪੰਜਾਬ.....

ਪੰਜਾਬ ਦੱਸਿਆ ਸੀ ਤੈਨੂੰ, ਕਿ ਆਵਾਂਗਾ ਮੁੜ ਕੇ ਚੁੱਪ ਨਹੀਂ ਰਹਾਂਗਾ, ਮੈਂ ਗਾਵਾਂਗਾ ਮੁੜ ਕੇ ਤੂੰ ਕਰ ਬੈਠਾ ਜੋ ਤੈਂ, ਕਰਨਾ ਸੀ ਕਾਤਿਲ ਜ਼ਿੰਦਗੀ ਦੀ ਲੋਅ ਨੂੰ, ਜਗਾਵਾਂਗਾ ਮੁੜ ਕੇ ਨਾ ਮਰਦੇ ਓਹ ਮਾਰੇ, ਨਾ ਸੜਦੇ ਓਹ ਸਾੜੇ ਤੂੰ ਭੁੱਲਿਆ ਸੀ, ਤੈਨੂੰ, ਦਿਖਾਵਾਂਗਾ ਮੁੜ ਕੇ ਕਈ ਬਾਬਰ ਭਜਾਏ, ਕਈ ਨਾਦਰ ਦੌੜਾਏ ਇਤਿਹਾਸ ਮਾਣਮੱਤਾ, ਦੁਹਰਾਵਾਂਗਾ ਮੁੜ ਕੇ ਜੋ ਅਣਖ਼ਾਂ ਦੀ ਖ਼ਾਤਰ, ਤਸੀਹੇ ਨੇ ਝੱਲ ਦੇ ਉਹ ਬੂਟੇ, ਬਿਰਖ਼ ਮੈਂ, ਉਗਾਵਾਂਗਾ ਮੁੜ ਕੇ ਲਹੂ ਮੇਰਾ ਕਦੀ "ਕੰਗ", ਪਾਣੀ ਨਹੀਂ ਬਣਦਾ ਵੇਖੀਂ ਇੱਕੀਆਂ ਦੇ 'ਕੱਤੀ, ਪਾਵਾਂਗਾ ਮੁੜ ਕੇ ਨਵੰਬਰ 2015

ਬਦਲ ਦਿੱਤਾ ਤੈਨੂੰ ਵੀ...........ਕਵਿਤਾ

ਬਦਲ ਦਿੱਤਾ ਤੈਨੂੰ ਵੀ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਕਰ ' ਤੇ ਪਰਾਏ ਯਾਰ , ਮੋਏ ਜਜ਼ਬਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਨਾਲ਼ ਰਹਿੰਦਾ ਪਰਛਾਵਾਂ , ਬੀਤੇ ਦੀਆਂ ਯਾਦਾਂ ਦਾ ਪਿਆ ਨਾ ਫਰਕ ਕੁਝ , ਕਾਲ਼ੀਆਂ ਵੀ ਰਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਅਜੇ ਵੀ ਜ਼ਿਹਨ ਵਿੱਚ , ਪੈੜ ਬਚੇ ਟਾਵੀਂ ਟਾਵੀਂ ਨੈਣਾਂ ' ਚੋਂ ਹੜ੍ਹਾਏ ਨਕਸ਼ , ਐਪਰ ਬਰਸਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਚਾਨਣ ਚੁਰਾ ਕੇ ਗਿਓਂ , ਦੂਰ ਮੇਰੇ ਹਿੱਸੇ ਦਾ ਰਾਤਾਂ ਜੇਹੀਆਂ ਹੋਈਆਂ ਹੁਣ , ਯਾਰਾ ਪਰਭਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਦਿਲ ਵਾਲ਼ੇ ਬੂਹੇ ਉੱਤੇ , ਜਿੰਦੇ ਅਸੀਂ ਮਾਰ ਲਏ ਚੁੱਪ ਨਾਲ਼ ਚੁੱਪ - ਚਾਪ , ਨਿੱਤ ਮੁਲਾਕਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਰੁੜੀਆਂ ਇਛਾਵਾਂ ਉਦੋਂ , ਖਾਰੇ ਖਾਰੇ ਪਾਣੀ ਵਿੱਚ ਦੋਸਤਾਂ ਤੋਂ ਜਦੋਂ ਦੀਆਂ , ਮਿਲੀਆਂ ਸੌਗਾਤਾਂ ਨੇ ਬਦਲ ਦਿੱਤਾ ਤੈਨੂੰ ਵੀ , ਬਦਲਦੇ ਹਾਲਾਤਾਂ ਨੇ ਖਿੰਡ - ਪੁੰਡ ਗਈਆਂ ਰੀਝਾਂ , ਸੱਧਰਾਂ ਨੂੰ ਪਿਆ ਸੋਕਾ ਕੀਤਾ ਏ ਹੈਰਾਨ ' ਕੰਗ ', ਇਨ੍ਹਾਂ ਕਰਾਮਾਤਾਂ ਨੇ

ਭਾ ਮਾਰੇ ਹੁਣ ਅੱਡਰੀ - ਕਮਲ ਕੰਗ

ਭਾ ਮਾਰੇ ਹੁਣ ਅੱਡਰੀ ਜਾਏ ਜ਼ਮਾਨਾ ਬਦਲੀ, ਵੇ ਅੰਗ ਤਾਂ ਓਹੀ ਏ ਸ਼ਰਮ ਬਣੀ ਬੇ-ਸ਼ਰਮੀ, ਵੇ ਵੰਗ ਤਾਂ ਓਹੀ ਏ ਵੱਢ 'ਤੇ ਪੈਰ ਅਸਾਡੇ, ਮੰਜ਼ਿਲ ਦੂਰ ਹੋਈ ਸਾਲਾਂ ਤੋਂ ਪੰਜ-ਆਬ, ਵੇ ਮੰਗ ਤਾਂ ਓਹੀ ਏ ਕਿਰਤੀ ਕਿਰਤ ਕਰੇਂਦਾ, ਹਾਕਮ ਚੌਧਰ ਜੀ ਕਾਣੀ ਵੰਡ ਦਾ ਲੋਕਾ, ਵੇ ਢੰਗ ਤਾਂ ਓਹੀ ਏ ਪਹਿਲੀ, ਦੂਜੀ, ਤੀਜੀ, ਨਾ ਹੁਣ ਲਾਇਓ ਜੀ ਮਨ ਦੀ ਹਉਮੇ ਮਾਰੋ, ਵੇ ਜੰਗ ਤਾਂ ਓਹੀ ਏ ਭਾ ਮਾਰੇ ਹੁਣ ਅੱਡਰੀ, ਵੇ ਰੰਗ ਤਾਂ ਓਹੀ ਏ ਬਦਲ ਗਿਆ ਏ ਯਾਰ, ਵੇ 'ਕੰਗ' ਤਾਂ ਓਹੀ ਏ ੨੦ ਅਪ੍ਰੈਲ ੨੦੧੦ ਕਮਲ ਕੰਗ

ਕਵਿਤਾ: ਦੇਸ ਪੰਜਾਬ.....

ਦੇਸ ਪੰਜਾਬ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ਬੇਲੀ ਮਿੱਤਰ, ਖੂਹ ਦੀਆਂ ਗੱਲਾਂ ਵਗਦਾ ਪਾਣੀ, ਨੱਚਦੀਆਂ ਛੱਲਾਂ ਸੱਥ ਵਿੱਚ ਹੱਸਦੇ, ਬਾਬੇ ਪੋਤੇ ਕੁਝ ਲਿਬੜੇ ਕੁਝ, ਨਾਹਤੇ ਧੋਤੇ ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ ਚੇਤੇ ਕਰ ਕੇ, ਮਨ ਭਰ ਆਇਆ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ..... ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ ਲੋਕਾਂ ਦੀ ਹੁਣ, ਅਕਲ ਬਦਲ ਗਈ ਖੇਤੀ ਦੇ ਹੁਣ, ਸੰਦ ਬਦਲ ਗਏ ਕੰਮ ਦੇ ਵੀ ਹੁਣ, ਢੰਗ ਬਦਲ ਗਏ ਟਾਹਲੀ ਤੇ ਕਿੱਕਰਾਂ ਮੁੱਕ ਗਈਆਂ ਤੂਤ ਦੀਆਂ ਨਾ, ਝਲਕਾਂ ਪਈਆਂ ਸੱਥ ਵਿੱਚ ਹੁਣ ਨਾ, ਮਹਿਫ਼ਲ ਲੱਗਦੀ ਬਿਜਲੀ ਅੱਗੇ, ਵਾਂਗ ਹੈ ਭੱਜਦੀ ਪਿੰਡ ਵੇਖ  ਪਰ , ਚਾਅ ਚੜ੍ਹ ਆਇਆ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ..... ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ ਪਿੰਡਾਂ ਦੀ ਪਰ, ਪਈ ਤੜਫਾਈ ਬਾਈਪਾਸਾਂ ਤੇ, ਟੋਲ ਨੇ ਲੱਗੇ ਐਪਰ ਬੰਦਾ, ਪਹੁੰਚੇ ਝੱਬੇ ਮਹਿੰਗਾਈ ਨੇ, ਵੱਟ ਹਨ ਕੱਢੇ ਤਾਂਹੀਂ ਮਿਲਾਵਟ, ਜੜ੍ਹ ਨਾ ਛੱਡੇ ਵਿਓਪਾਰੀ ਹੈ, ਹੱਸਦਾ ਗਾਉਂਦਾ ਮਾੜਾ ਰੋਂਦਾ, ਘਰ ਨੂੰ ਆਉਂਦਾ ਅਜੇ ਰੁਪਈਆ, ਪਿਆ ਕੁਮਲ਼ਾਇਆ ਦੇਸ ਪੰਜਾਬ ਨੂੰ, ਫੇਰਾ ਪਾਇਆ ਮੁੜ ਕੇ ਸਭ ਕੁਝ, ਚੇਤੇ ਆਇਆ ..... ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ ਚਿੜੇ ਹਨੇਰੀ, ਵਾਂਗੂੰ ਝੁੱਲਣ ਟੀਵੀ ਵਿੱਚ ਹੁਣ, ਸੂਟ ਨਾ ਦਿਸਦਾ ਸੁਰ ਸੰਗਮ ਦਾ

ਕਵਿਤਾ: ਲਹੂ ਦੀਆਂ ਨਦੀਆਂ......

ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ ਵਹਿਣਗੀਆਂ, ਹਾਕਮ ਕੁਰਸੀ ਥੱਲੇ ਵੜਿਆ, ਘਰ ਘਰ ਚੀਕਾਂ ਪੈਣਗੀਆਂ। ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਆਏ ਨਿੱਤ ਦਿਨ ਬੰਬ ਧਮਾਕਾ, ਵੈਣ ਉਠਾ ਕੇ ਸਿਰ ਤੇ ਆਵੇ, ਦਹਿਸ਼ਤ ਦੇ ਨਾਲ਼ ਰਲ਼ ਕੇ ਬੰਦਾ, ਆਫ਼ਤ ਆਪਣੇ ਆਪ ਲਿਆਵੇ ਕਦ ਤੱਕ ਦੱਸੋ ਬੇਦੋਸ਼ਿਆਂ ਦੀਆਂ, ਜਾਨਾਂ ਸਾਥੋਂ ਲੈਣਗੀਆਂ? ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਕਿੰਨੇ ਚਿਰ ਲਈ ਨਾਚ ਇਹ ਤਾਂਡਵ, ਤੁਸੀਂ ਵੀ ਦੱਸੋ ਨੱਚਣਾ ਏਂ? ਨਿਰਦੋਸ਼ਾਂ ਨੂੰ ਮਾਰ ਮਾਰ ਕੇ, ਆਪ ਵੀ ਨਾਲ਼ੇ ਮੱਚਣਾ ਏਂ? ਬੱਸ ਕਰੋ ਹੁਣ, ਬੱਸ ਕਰੋ ਵੇ, ਲਾਟਾਂ ਅੱਗ ਦੀਆਂ ਕਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਅੱਜ ਇਹ ਦਿੱਲੀ, ਕੱਲ੍ਹ ਸਨ ਬੰਬੇ, ਕੱਲ੍ਹ ਕਿਤੇ ਹੋਊ ਹੋਰ ਕੋਈ ਕਾਰਾ, ਦੇਸ਼ ਦਾ ਹਰ ਇਕ ਜੀਅ ਹੈ ਰੋਂਦਾ, ਕਰੋ ਸਹੀ ਕੋਈ ਰਲ਼ ਕੇ ਚਾਰਾ ਵੋਟਾਂ ਖਾਤਿਰ ਦੇਸ਼ ਮੇਰੇ ਦੀਆਂ, ਗਲ਼ੀਆਂ ਸੁੰਨੀਆਂ ਰਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ.... ਰੱਬ ਇਹ ਤੱਕ ਕੇ ਕਦ ਖੁਸ਼ ਹੋਣੈਂ?, 'ਥੋਨੂੰ' ਗ਼ਲਤ ਇਹ ਫਹਿਮੀ ਹੈ, ਧਰਮ ਦੇ ਨਾਂ ਤੇ ਜਾਨ ਹੈ ਲੈਣੀ, ਦੁਨੀਆਂ ਸਹਿਮੀ ਸਹਿਮੀ ਹੈ 'ਕੰਗ' ਕਹੇ ਕੀ ਵੱਧ ਹੁਣ ਇਸ ਤੋਂ, ਸੋਚਾਂ ਜੱਗ ਨਾਲ਼ ਖਹਿਣਗੀਆਂ ਕਦ ਤੱਕ ਯਾਰੋ ਦੇਸ਼ ਮੇਰੇ ਵਿੱਚ, ਲਹੂ ਦੀਆਂ ਨਦੀਆਂ....

ਕਵਿਤਾ: ਜਦ ਮੈਂ ਤੈਨੂੰ ਮਿਲ਼ਿਆ....

ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪਿੰਜਰੇ 'ਚ ਕੈਦ ਹੋ ਕੇ ਜੀਅ ਨਹੀਂ ਸਕਦੀ ਪਰ ਅਜ਼ਾਦ, ਮਰ ਸਕਦੀ ਏਂ! ਮਹਿਕਦੀ ਫਿਜ਼ਾ ਵਿੱਚ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪੈਰੀਂ ਝਾਂਜਰਾਂ ਪਾ ਕੇ ਬੈਠ ਨਹੀਂ ਸਕਦੀ ਪਰ ਮੇਰੇ ਨਾਲ਼ ਤੁਰ ਸਕਦੀ ਏਂ! ਸਾਰੀ ਉਮਰ ਤੱਕ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਮੌਨ ਵਰਤ ਰੱਖਿਐ! ਬੋਲ ਨਹੀਂ ਸਕਦੀ ਪਰ ਚੁੱਪ-ਚਾਪ ਸੁਣ ਸਕਦੀ ਏਂ! ਨਾਦ ਦੀ ਧੁਨੀ ਵਾਂਗ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਖ਼ਾਬ ਕਹਿੰਦੇ ਝੂਠਾ ਹੁੰਦੈ! ਸਹਿ ਨਹੀਂ ਸਕਦੀ ਪਰ ਸੱਚ ਨਾਲ਼ ਜੁੜ ਸਕਦੀ ਏਂ! ਮੰਜ਼ਿਲ ਪਾਉਣ ਲਈ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਸਦੀਆਂ ਤੋਂ ਤੂੰ ਕੀ ਲੈਣਾ ਦੱਸ ਨਹੀਂ ਸਕਦੀ ਪਰ ਪਲ ਪਲ ਗਿਣ ਸਕਦੀ ਏਂ! ਉਂਗਲ਼ਾਂ ਦੇ ਪੋਟਿਆਂ ਤੇ.... ..... ਜਦ ਮੈਂ ਤੈਨੂੰ ਮਿਲ਼ਿਆ, ਤੂੰ ਕਿਹਾ ਤੂੰ ਪਿੰਜਰੇ 'ਚ ਕੈਦ ਹੋ ਕੇ ਜੀਅ ਨਹੀਂ ਸਕਦੀ ਪਰ ਅਜ਼ਾਦ, ਮਰ ਸਕਦੀ ਏਂ! ਮਹਿਕਦੀ ਫਿਜ਼ਾ ਵਿੱਚ....।

ਕਵਿਤਾ: ਤੈਨੂੰ ਮਿਲ਼ਾਂਗਾ ਤਾਂ ਕਹਾਂਗਾ....

ਤੈਨੂੰ ਮਿਲ਼ਾਗਾਂ ਤਾਂ ਕਹਾਂਗਾ, ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਕਿਤੇ ਬਹਿ ਲਈਏ, ਹੋਰ ਤੁਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲਾਂਗਾ ਤਾਂ ਕਹਾਂਗਾ, ਆਜਾ ਗੱਲਾਂ ਕਰ ਲਈਏ, ਚੁੱਪ ਰਹਿਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਖ਼ਾਬ ਕੋਈ ਬੁਣੀਏ, ਹੋਰ ਟੁੱਟਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਸਾਲ, ਸਦੀ ਬਣਾਈਏ, ਸਾਲ ਗਿਣਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਗਾਂ ਤਾਂ ਕਹਾਂਗਾ, ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! *** ੦੭ ਅਗਸਤ ੨੦੦੮

ਕਵਿਤਾ: ਕੁਝ ਲਹੂ ਤੇਰੇ ਦੀ ਲੋੜ ਪਈ....

ਯਾਰੋ ਮੈਂ ਪੰਜਾਬੀ ਬੋਲਦਾ, ਮੈਂ ਗਾਉਂਦਾ ਵਿੱਚ ਪੰਜਾਬੀ ਦੇ ਮੈਂ ਹੱਸਦਾ ਵਿੱਚ ਪੰਜਾਬੀ ਦੇ, ਮੈਂ ਰੋਦਾਂ ਵਿੱਚ ਪੰਜਾਬੀ ਦੇ ਮੈਂ ਤੁਰਦਾ ਵਿੱਚ ਪੰਜਾਬੀ ਦੇ, ਮੈਂ ਜੱਚਦਾ ਵਿੱਚ ਪੰਜਾਬੀ ਦੇ ਮੈਂ ਵਸਦਾ ਵਿੱਚ ਪੰਜਾਬੀ ਦੇ, 'ਤੇ ਨੱਚਦਾ ਵਿੱਚ ਪੰਜਾਬੀ ਦੇ ਮੈਂ ਪੜ੍ਹਦਾ ਰਹਾਂ ਪੰਜਾਬੀ ਨੂੰ, ਮੈਂ ਲਿਖਦਾ ਵਿੱਚ ਪੰਜਾਬੀ ਦੇ ਮੇਰੀ ਮਾਂ ਪੰਜਾਬੀ ਬੋਲੀ ਏ, ਮੈਂ ਸਿੱਖਦਾ ਵਿੱਚ ਪੰਜਾਬੀ ਦੇ ਮੇਰੀ ਭਾਸ਼ਾ ਰੱਬੋਂ ਆਈ ਏ, ਜੋ ਸ਼ਹਿਦ ਦੇ ਨਾਲੋਂ ਮਿੱਠੀ ਏ ਐਸੀ ਭਾਸ਼ਾ ਹੋਰ ਜਹਾਨ ਉੱਤੇ, ਅੱਜ ਤਾਂਈ ਕਿਸੇ ਨਾ ਡਿੱਠੀ ਏ ਇਹ ਭਾਸ਼ਾ ਸੱਚੇ ਨਾਨਕ ਦੀ, ਨਾਲ਼ੇ ਬੁੱਲੇ, ਵਾਰਸ, ਯਾਰ ਦੀ ਸ਼ਿਵ, ਪਾਸ਼, ਅੰਮ੍ਰਿਤਾ ਪੀਤਮ ਤੇ, ਮੋਹਨ ਸਿੰਘ ਸਰਦਾਰ ਦੀ ਧਨੀ ਰਾਮ ਤੇ ਭਾਈ ਵੀਰ ਸਿੰਘ, ਹਾਂ ਬਾਹੂ ਅਤੇ ਦਮੋਦਰ ਦੀ ਸੁਬਾਹ ਨੂੰ 'ਜਪੁ ਜੀ' ਪੜ੍ਹਦੇ ਹਾਂ, ਸ਼ਾਮ ਨੂੰ ਬਾਣੀ 'ਸੋ ਦਰ' ਦੀ ਅੱਜ ਮਾਂ ਬੋਲੀ ਦੀ ਇੱਜ਼ਤ ਲਈ, ਸ਼ਬਦਾਂ ਨੂੰ ਸੁੱਚਾ ਕਰਦੇ ਜੋ ਅੱਜ ਲੱਖਾਂ ਹੀਰੇ ਚਮਕਣ ਉਹ, ਨਾਂ ਇਸ ਦਾ ਉੱਚਾ ਕਰਦੇ ਜੋ ਕੁਝ ਮਾਂ ਤੋਂ ਨਾਬਰ ਵੀ ਹੋਏ, ਉਹ ਮੈਨੂੰ ਗੁਮਰਾਹ ਲੱਗਦੇ ਨੇ ਜੋ ਮਾਂ ਦੀ ਥਾਂ ਬਗਾਨੀ ਨੂੰ, ਹੁਣ ਆਪਣੀ ਮਾਂ ਹੀ ਦੱਸਦੇ ਨੇ ਮੁੜ ਆਓ ਹੁਣ ਵੀ ਘਰ ਵੱਲੇ, ਅਜੇ ਸ਼ਾਮ ਸਮੇਂ ਦੀ ਨਹੀਂ ਹੋਈ ਨਾ ਬੇਰ ਹੀ ਡੁੱਲ੍ਹੇ ਬਿਗੜੇ ਨੇ, ਨਾ ਮਾਂ ਹੀ ਸਾਡੀ ਹੈ ਮੋਈ ਮਾਂ ਜ਼ਖ਼ਮੀ ਆਪਣੇ ਹੱਥੀਂ ਹੀ, ਅਸੀਂ ਕਰ ਬੈਠੇ ਹਾਂ ਖੁਦ ਯਾਰੋ ਕਿਸੇ ਵੈਦ ਦੀ ਕੋਈ ਲੋੜ ਨਹੀਂ, ਬ

ਕਵਿਤਾ: ਤੌਖ਼ਲਾ.....

ਕਾਸ਼! ਆਪਾਂ ਉਦੋਂ ਮਿਲੇ ਹੁੰਦੇ, ਜਦੋਂ ਫੁੱਲ ਅਜੇ ਤਾਜ਼ੇ ਖਿਲੇ ਸਨ ਸਵੇਰ ਦੀ ਸੁਰਖ ਆਮਦ ਤੇ, ਪੰਛੀ, ਕਿਰਨ ਗਲ਼ੇ ਮਿਲੇ ਸਨ।

ਕਵਿਤਾ: ਸੋਚ....

ਸੋਚ ਨਵੀਂ ਹਵਾ, ਨਵੇਂ ਸਾਹ, ਪਰ ਬੰਦਾ ਪੁਰਾਣਾ ਹੈ, ਭੇਸ ਵੀ ਪੁਰਾਣਾ ਹੈ ਪਰ ਓਹੋ ਹੀ ਟਿਕਾਣਾ ਹੈ। ਯਾਰ ਵੀ ਪੁਰਾਣੇ ਹਨ, ਕੰਮ ਵੀ ਪੁਰਾਣਾ ਹੈ, ਸੋਚ 'ਚੇ ਉਡਾਰੀ ਕਿਉਂਕਿ ਨਵਾਂ ਜ਼ਮਾਨਾ ਹੈ।।

ਕਵਿਤਾ: ਧਰਤ ਕਨੇਡਾ....

ਧਰਤ ਕਨੇਡਾ ਧਰਤ ਕਨੇਡਾ ਐਸੀ ਜਿਸ ਦੇ, ਫੁੱਲਾਂ ਵਿੱਚ ਖ਼ੁਸ਼ਬੋ ਹੀ ਨਹੀਂ। ਗ਼ੈਰਾਂ ਨਾਲ ਤਾਂ ਹੋਣਾ ਕੀ ਏ? ਸਕਿਆਂ ਨਾਲ ਵੀ ਮੋਹ ਹੀ ਨਹੀਂ। ਸਿੱਲ੍ਹੇ ਸਿੱਲ੍ਹੇ ਮੌਸਮ ਵਰਗੇ, ਜਿਸਮ ਵੀ ਸਿੱਲ੍ਹੇ ਹੋ ਗਏ ਨੇ, ਹਰ ਦਿਲ ਮੈਨੂੰ ਧੁਖਦਾ ਦਿਸਿਆ, ਮੱਚਦੀ ਕੋਈ ਲੋਅ ਹੀ ਨਹੀਂ। ਖੰਡ ਲਪੇਟੇ ਮਹੁਰੇ ਵਰਗੇ, ਮੁਖੜੇ ਹਰ ਥਾਂ ਫਿਰਦੇ ਨੇ, ਬੁੱਲ੍ਹਾਂ ਦੀ ਮੁਸਕਾਨ ਦੇ ਹੇਠੋਂ, ਫਿਕਰਾਂ ਦੀ ਕਨਸੋ ਹੀ ਨਹੀਂ। ਸਿਰ ਤੇ ਰੱਖਦਾ ‘ਹੈਟ’ ‘ਸਨੋਅ’ ਦੀ, ਤਹਿ ‘ਚੇ ਛੁਪਿਆ ਲਾਵਾ ਹੈ, ਆਦਮ ਹੈ ਜਾਂ ਇਹ ਹੈ ਪਰਬਤ, ਇਸ ਗੱਲ ਦੀ ਤਾਂ ਥਹੁ ਹੀ ਨਹੀਂ। ਮਹਿਕ ਵਿਹੂਣੇ ਫੁੱਲਾਂ ਵਿੱਚ ਦੱਸ, ਕਿੰਨਾ ਚਿਰ ਉਹ ਜਿਉਣਗੀਆਂ? ਤਿਤਲੀਆਂ ਨੂੰ ਖ਼ਬਰ ਕੀ ਹੋਣੀ? ਮਾੜੀ ਜਹੀ ਕਨਸੋ ਵੀ ਨਹੀਂ। ਫੁੱਲਾਂ ਦੀ ਸੰਭਾਲ਼ ਨਾ ਹੋਵੇ, ਮਾਲੀ ਬੇਵੱਸ ਹੋ ਗਏ ਨੇ, ਪੱਛਮੀ ਮੁਲਕਾਂ ਦੀ ਮਿੱਟੀ ਵਿੱਚ, ਮਮਤਾ ਭਰਿਆ ਮੋਹ ਹੀ ਨਹੀਂ। ਖੁਸ਼ੀਆਂ ਦੇ ਸਮੇਂ ਹਰ ਕੋਈ ਇੱਥੇ, ਆਪਣਾ ਬਣ ਬਣ ਬਹਿੰਦਾ ਏ, ਦੁੱਖ ਵੇਖ ਕੇ ਵਿੱਚ ਕਲੇਜੇ, ਪੈਂਦੀ ਕਿਸੇ ਦੇ ਖੋ ਹੀ ਨਹੀਂ। ਐਂਵੇ ਗਿਲਾ ਹੈ ਕਲਮ ਤੇਰੀ ਨੂੰ, ‘ਡਾਲਰ’ ਦੇ ਕਿਉਂ ਲਿਖੇ ਖ਼ਿਲਾਫ਼? ਘਰ ਆਏ ਨੂੰ ਦੇਵੇ ਨਿੱਘ ਜੋ, ਇਸ ਵਰਗੀ ਤਾਂ ਭੋਂ ਹੀ ਨਹੀਂ। ਕਦੀ ਕਦੀ ਜਜ਼ਬਾਤੀ ਖੂਹ ਵਿੱਚ, ਡੂੰਘਾ ਹੀ ‘ਕੰਗ’ ਲਹਿ ਜਾਨੈਂ, ਤੇਰੇ ਸ਼ਬਦਾਂ ਵਿੱਚ ਦਿਮਾਗੀ, ਚਿਣਗਾਂ ਦੀ ਤਾਂ ਲੋਅ ਹੀ ਨਹੀਂ।

ਕਵਿਤਾ: ਜ਼ਖ਼ਮੀ ਮਨੁੱਖਤਾ...

ਜ਼ਖ਼ਮੀ ਮਨੁੱਖਤਾ ਪਿਆਰ ‘ਚ ਪੈ ਗਿਆ, ਮੋਹ ਮਾਇਆ ਦਾ ਸੁਰਾਖ਼ ਹਰ ਪਾਸੇ ਜਦ ਵੇਖਾਂ, ਤਾਂ ਦਿਸੇ ਰਾਖ ਹੀ ਰਾਖ ਨਾ ਕੋਈ ਬਿਰਖ ਸਬੂਤਾ, ਤੇ ਨਾ ਹੀ ਕੋਈ ਸ਼ਾਖ ਇਹ ਸੰਸਾਰ ਚੋਂ ਸ਼ਾਂਤੀ, ਅੱਜ ਕਿਸ ਨੇ ਚੁਰਾਈ ? ਘਟਾ ਕਾਲ਼ੀ ਜ਼ੁਲਮ ਦੀ, ਕਿਉਂ ਰਹਿੰਦੀ ਹੈ ਛਾਈ ? ਮਨੁੱਖਤਾ ਵੀ ਹੈ ਜ਼ਖ਼ਮੀ, ਸੱਭਿਅਤਾ ਵੀ ਹੈ ਛਲਨੀ ਭੁੱਬੀਂ ਰੋਂਦੀ ਏ ਮਮਤਾ, ਤੇ ਬੁੱਕ ਬੁੱਕ ਰੋਵੇ ਜਣਨੀ ਸਾਡੀ ਕਹਿਣੀ ਏ ਹੋਰ, ਸਾਡੀ ਵੱਖਰੀ ਹੈ ਕਰਨੀ ਇਹ ਹਾਲਤ ਹੈ ਅੱਜ, ਅਸੀਂ ਖੁਦ ਹੀ ਬਣਾਈ ਤਾਂਹੀ ਦੁਖੀ ਏ ਆਲਮ, ਤਾਂਹੀਓ ਤੜਫੇ ਲੁਕਾਈ । ਹਰ ਬੰਦਾ ਹੀ ਬਾਰੂਦ ਦੇ, ਢੇਰ ਤੇ ਹੈ ਅੱਜ ਸੌਂਦਾ ਜੇ ਖਾਵੇ ਤਾਂ ਦਹਿਸ਼ਤ, ਦਹਿਸ਼ਤ ਹੀ ਗਾਉਂਦਾ ਭੈੜੇ ਛੱਰ੍ਹੇ ਬਾਰੂਦ ਦੇ, ਵਿੱਚ ਭਾਸ਼ਣ ਚਲਾਉਂਦਾ ਬੇਲੋੜੀ ਇਹ ਤਾਕਤ, ਮਨੁੱਖਤਾ ਤੇ ਅਜ਼ਮਾਈ ਖਾ ਕੇ ਠੋਕਰਾਂ ਹਜ਼ਾਰਾਂ, ਅਜੇ ਸਮਝ ਨਾ ਆਈ । ਜੀਹਦੀ ਸਾਜੀ ਇਹ ਦੁਨੀਆਂ, ਜਿਸ ਗੋਂਦ ਗੁੰਦਾਈ ਇਸ ਪੁਰਾਣੀ ਬਿਮਾਰੀ ਲਈ, ਹੈ ਉਹੀ ਦਵਾਈ ਸਾਰੇ ਕਣ ਕਣ ‘ਚੇ ਦੇਖੋਂ, ਜੇ ‘ਰੱਬ‘ ਦੀ ਪਰਛਾਈ ਤਾਂ ਮੁੱਕ ਜਾਣ ਝਗੜੇ, ‘ਕੰਗ‘ ਮੁੱਕ ਜਏ ਲੜਾਈ ਕਰਕੇ ਰੱਬ ਤੋਂ ਸ਼ੁਰੂ ਗੱਲ, ਜਾਏ ਰੱਬ ਤੇ ਮੁਕਾਈ ।

ਕਵਿਤਾ: ਦੀਵਾਨਗੀ....

ਦੀਵਾਨਗੀ ਇਹ ਨਾਮ ਵੀ ਕੁਝ ਐਸਾ ਹੈ ਕਿ ਥੋੜਾ ਬਦਨਾਮ ਹੈ, ਦੂਜਾ ਇਹ ਗੁਨਾਹ ਹੈ ਕਿ ਹੱਥ ਵਿੱਚ ਮੇਰੇ ਜਾਮ ਹੈ। ਤੇਰਾ ਹਾਂ ਗੁਨਾਹਗਾਰ ਤੂੰ ਸਜ਼ਾ ਤਾਂ ਕੋਈ ਸੁਣਾ ਮੈਨੂੰ, ਸੁਣਿਐ ਤੇਰੇ ਸ਼ਹਿਰ ਵਿੱਚ ਮੇਰਾ ਵੀ ਬੜਾ ਨਾਮ ਹੈ।

ਕਵਿਤਾ: ਔਰਤ...

ਔਰਤ ਕਦਮ ਕਦਮ ਤੇ ਨਾ ਅਜ਼ਮਾ ਤੂੰ, ਮੈਂ ਸ਼ਕਤੀ ਸਾਕਾਰ ਹਾਂ। ਸਦੀਆਂ ਦੀ ਮੈਂ ਜ਼ਹਿਰ ਹੈ ਪੀਤੀ, ਫਿਰ ਵੀ ਜ਼ਿੰਦਾ ਨਾਰ ਹਾਂ। ਕਿੰਨਾ ਚਿਰ ਹੁਣ ਹੋਰ ਤੂੰ ਮੈਨੂੰ, ਪੈਰਾਂ ਹੇਠ ਲਿਤਾੜੇਂਗਾ? ਤੇਰੇ ਪੈਰ ਦੀ ਜੁੱਤੀ ਨਹੀਂ ਹੁਣ, ਮੈਂ ਤੇਰੀ ਦਸਤਾਰ ਹਾਂ। ਅੱਜ ਵੀ ਬਾਪ ਦੀ ਚਿੱਟੀ ਪੱਗ ‘ਤੇ, ਮਾਂ ਦੀ ਸੁੱਚੀ ਚੁੰਨੀ ਹਾਂ, ਵੀਰੇ ਤੋਂ ਵੱਧ ਪਹਿਲਾਂ ਵਾਗੂੰ, ਇੱਜ਼ਤ ਦਾ ਸ਼ਿੰਗਾਰ ਹਾਂ! ਮੈਂ ਉਹ ਸੁੰਦਰ ਵੇਲ ਜੋ ਸੁੱਕ ਸੁੱਕ, ਮੁੜ ਮੁੜ ਕੇ ਹਾਂ ਫੁੱਟੀ, ਬੀਜ ਹਾਂ ਮੈਂ ਕਾਇਨਾਤ ਦਾ, ਰੱਬ ਦੀ ਨਿਰੀ ਨੁਹਾਰ ਹਾਂ। ਪਿਆਰ ਬਿਨਾਂ ਮੈਂ ਕੁਝ ਨਾ ਲੋੜਾਂ, ਖ਼ਿਜ਼ਾਂ ਤੋਂ ਪਿੱਛੋਂ ਜੰਮਦੀ ਹਾਂ, ਕਰਨਾ ਸਿੱਖ ਸਵਾਗਤ ਮੇਰਾ, ਮੈਂ ਤਾਂ ਨਵੀਂ ਬਹਾਰ ਹਾਂ। ਤਾਰਾਂ ਨੂੰ ਹੈ ਇਸ਼ਕ ਧੁਨਾਂ ਦਾ, ਲੋੜ ਹੈ ਸਾਬਤ ਹੱਥਾਂ ਦੀ, ਮੈਂ ਅਧੂਰੀ ਹੱਥਾਂ ਬਾਝੋਂ, ਕਿਉਂਕਿ ਮੈਂ ਸਿਤਾਰ ਹਾਂ। ਰੱਤ ਰੰਗੇ ਹੱਥ ਲੱਖਾਂ ਮੇਰੇ, ਮੇਰੇ ਸਿਰ ਇਲਜ਼ਾਮ ਖੂਨ ਦਾ, ਆਪਣੀ ਇਸ ਦਰਿੰਦਗੀ ਤੋਂ ਮੈਂ, ‘ਧੀਏ’ ਸ਼ਰਮਸਾਰ ਹਾਂ। ਔਕੜ ਵਿੱਚੋਂ ਲੰਘ ਜਾਣਾ ਹੀ, ਬਣ ਰਹੀ ਮੇਰੀ ਫਿਤਰਤ ਹੁਣ, ਤੇਰੇ ‘ਕੰਗ’ ਬਰਾਬਰ ਖੜਨਾ, ਪਾਉਂਦੀ ਮੈਂ ਵੰਗਾਰ ਹਾਂ! ------------------------------------------------- (ਇਹ ਕਵਿਤਾ 'ਸੀਰਤ.ਸੀ ਏ' ਪਰਚੇ ਵਿੱਚ ਜਨਵਰੀ ੨੦੦੮ ਦੇ ਅੰਕ ਵਿੱਚ ਛਪ ਚੁੱਕੀ ਹੈ)

ਕਵਿਤਾ: ਫੁੱਲਾਂ 'ਚ ਮਹਿਕ...

ਫੁੱਲਾਂ 'ਚ ਮਹਿਕ ਫੁੱਲਾਂ ‘ਚ ਮਹਿਕ, ਮਹਿਕ ਵਿੱਚ ਸ਼ੋਖੀ ਕੁਝ ਤੇਰੇ ਲਈ, ਕੁਝ ਮੇਰੇ ਲਈ ਸੂਰਜ ਦੀ ਤਪਸ਼, ਤਪਸ਼ ਵਿੱਚ ਗਰਮੀ ਕੁਝ ਤੇਰੇ ਲਈ, ਕੁਝ ਮੇਰੇ ਲਈ ਪਾਣੀ ‘ਚ ਲਹਿਰ, ਲਹਿਰ ‘ਚ ਰਵਾਨੀ ਕੁਝ ਤੇਰੇ ਲਈ, ਕੁਝ ਮੇਰੇ ਲਈ ਹਵਾ ‘ਚ ਜੀਵਨ, ਜੀਵਨ ‘ਚ ਜ਼ਿੰਦਗੀ ਕੁਝ ਤੇਰੇ ਲਈ, ਕੁਝ ਮੇਰੇ ਲਈ

ਕਵਿਤਾ: ਨਵਾਂ ਸਾਲ...

ਨਵਾਂ ਸਾਲ ਨਵਾਂ ਇਹ ਸਾਲ ਮੁਬਾਰਕ ਸਭ ਨੂੰ ਰੱਖੀਏ ਯਾਦ ਉਹ ਸੋਹਣੇ ਰੱਬ ਨੂੰ ਜਿਸਨੇ ਬਖਸ਼ੀ ਸਾਨੂੰ ਕਾਇਆ ਜਿਸਦੇ ਅਸੀਂ ਹਾਂ ਸੱਭੇ ਸਾਇਆ ਜਿਹੜਾ ਕਣ ਕਣ ਵਿੱਚ ਸਮਾਇਆ ਜਿਸਨੇ ਸਭ ਵਿੱਚ ਰੂਪ ਵਟਾਇਆ ਉਸ ਦੀ ਕੁਦਰਤ ਨੂੰ ਸਭ ਮਾਣੋ ਆਪਣਾ ਆਪਣਾ ਮੂਲ਼ ਪਛਾਣੋ ਰੋਸੇ ਛੱਡ ਕੇ ਪਿਆਰ ਵਧਾਈਏ ਕੁਦਰਤ ਨੂੰ ਆਓ ਗਲ਼ ਲਗਾਈਏ ਦੁੱਖ ਸੁੱਖ ਵਿੱਚ ਵੀ ਸਾਥ ਨਿਭਾਈਏ ਏਦਾਂ ਆਓ ਨਵਾਂ ਸਾਲ ਚੜ੍ਹਾਈਏ ਏਦਾਂ ਆਓ ਨਵਾਂ ਸਾਲ ਮਨਾਈਏ ਏਦਾਂ ‘ਕੰਗ‘ ਨਵਾਂ ਸਾਲ ਲੰਘਾਈਏ...

ਕਵਿਤਾ: ਪਰਵਾਜ਼....

ਪਰਵਾਜ਼ ਪਿੰਜਰੇ ਵੀ ਪਾ ਕੇ ਭਾਵੇਂ, ਤੂੰ ਰੱਖ ਲਈ ਹੁਣ ਪਰਵਾਜ਼। ਦੱਸ ਕੈਦ ਕਿੰਝ ਕਰੇਂਗਾ? ਹੁਣ ਤੂੰ ਉਸ ਦੀ ਅਵਾਜ਼। ਹੁਣ ਏਥੇ ਹਰ ਜਿਸਮ ਹੀ, ਬੇ-ਪਰਦ ਹੋ ਰਿਹਾ, ਕੀ ਮੁੱਕ ਜਾਊ ਮੇਰੀ ਹੋਂਦ? ਭੈ ਖਾਂਦਾ ਹੈ ਅੱਜ ਰਾਜ਼। ਤੂੰ ਪਿੱਛੇ ਮੁੜ ਕੇ ਵੇਖੀਂ, ਜਦ ਦੂਰ ਜਾਵੇਂ ਗਾ, ਤੇਰੇ ਨੈਣਾਂ ‘ਚੋਂ ਚਿਰਾਗ , ਲੈ ਲਊ ਗੀ ਤੇਰੀ ਯਾਦ। “ਕੀ ਤੇਰਾ ਵੀ ਲਹੂ ਲਾਲ? ਹਾਂ ਮੇਰਾ ਵੀ ਲਹੂ ਲਾਲ”, ਅੱਜ ‘ਗੋਰਾ’ ਮਾਸ ਪੁੱਛਦਾ, ਹੈ ਦੱਸਦਾ ‘ਕਾਲਾ’ ਮਾਸ! ਹੁਣ ਪੈਸਾ ਹੀ ਪਿਆਰਾ, ਲੱਗਦਾ ਹੈ ਹੋ ਗਿਆ, ਪਰ ਭੁੱਲਦਾ ਜਾ ਰਿਹਾ ਹਾਂ, ਮੈਂ ਇਨਸਾਂ ਦੀ ਜਾਤ। ਮੋਤੀ ਤਾਂ ਸਾਗਰ ਵਿੱਚੋਂ, ਖੁਦ ਹੀ ਲੱਭਣੇ ਪੈਣੇ, ਨਾ ਕਰ ਹੁਣ ਪਰੇਸ਼ਾਂ, ਤੂੰ ਕੋਈ ਕਰਾਮਾਤ। ਜਿਨ੍ਹਾਂ ਰਾਖੀ ਦਾ ਭਰਮ ਹੈ, ਮੇਰੇ ਦਿਲ ਵਿੱਚ ਪਾਲਿ਼ਆ, ਉਹ ਕੰਡੇ ਖਾ ਰਹੇ ਨੇ, ਅੱਜ ਮੇਰਾ ਗੁਲਾਬ। ਜਿਸ ਸਾਜ਼ ਨੇ ਕਦੇ ਵੀ, ਅਵਾਜ਼ ਉੱਚੀ ਕੀਤੀ, ਸਜ਼ਾ ਫਿਰ ਹਾਕਮ ਹੱਥੋਂ, ਸਦਾ ਹੀ ਪਾਈ ਸਾਜ਼। ਏਥੇ ਚਿੜੀਆਂ ਤਾਂਈ ਸਾਰੇ, ਫੜ ਫੜ ਕੇ ਮਾਰਦੇ, ‘ਕੰਗ’ ਛੋਹ ਕੇ ਵੀ ਵੇਖੋ, ਕਦੀ ਤਾਂ ਜ਼ਾਲਿਮ ਬਾਜ਼।