Posts

Showing posts with the label ਨਜ਼ਮ

ਨਜ਼ਮ - ਬੀਜ

ਬੀਜ ਜ਼ਿਹਨ ਦੀ ਨਦੀ ਤੈਰਦੇ ਹੋਏ ਲਫ਼ਜ਼ ਜਜ਼ਬਾਤਾਂ ਦੇ ਕੰਢੇ,  ਭੁਰਨ ਕਿਨਾਰੇ ਖੁਰਨ ਕਿਨਾਰੇ ਕੰਢੇ ਖੁਰੇ ਲਫ਼ਜ਼ ਤੁਰੇ ਭਾਲ਼ ਕਿਸਦੀ? ਸ਼ਬਦ ਸਮੁੰਦਰ ਦੀ! ਜ਼ਿਹਨ ਦਾ ਹਾਲ ਲਫ਼ਜ਼ਾਂ ਦਾ ਕਾਲ ਕੁਝ ਹੀ ਪਲਾਂ ਵਿੱਚ ਅਚਾਨਕ ਪੈੜ ਉੱਭਰ ਆਈ ਸੋਚ ਦਾ ਬੀਜ ਦਿਲ ਚ ਸਮਾਈ। ਜ਼ਿਹਨ ਦੀ ਨਦੀ ਤੈਰਦੇ ਹੋਏ ਲਫ਼ਜ਼ ਜਜ਼ਬਾਤਾਂ ਦੇ ਕੰਢੇ,  ਭੁਰਨ ਕਿਨਾਰੇ ਖੁਰਨ ਕਿਨਾਰੇ! ਕਮਲ ਕੰਗ

ਨਜ਼ਮ: ਆਸ.......

ਕਿੰਨਾ ਚੰਗਾ ਹੁੰਦਾ! .... ਜੋ ਆਪਾਂ ਚਾਹੁੰਦੇ ਹਾਂ, .... ਗੁਜ਼ਰ ਰਿਹਾ ਹੁੰਦਾ!

ਨਜ਼ਮ: ਆਪਾ ਅਤੇ ਆਪਣੇ

ਤੇਰੇ ਮਹਿਲ ਦੇ ਗੁੰਬਦ ਤੇ, ਜਿਹੜਾ ਕਾਲ਼ੀ ਅੱਖਾ, ਹੱਥ ਲਾਇਆ ਮੈਲ਼ਾ ਹੋਣ ਵਾਲ਼ਾ ਬੱਗਾ ਕਬੂਤਰ ਬੈਠਾ ਹੈ, ਏਹਦੇ ਪੈਰਾਂ 'ਚ ਸੋਨੇ ਰੰਗੀਆਂ ਝਾਂਜਰਾਂ ਮੈਂ ਪਾਈਆਂ ਸਨ 'ਮੰਡਾਲ਼ੀ' ਦੇ ਮੇਲੇ ਤੋਂ ਲਿਆ ਕੇ। ਏਹੀ ਕਬੂਤਰ ਜਦੋਂ ਮੇਰੇ ਘਰ ਦੇ ਉੱਤੇ ਉੱਡਦਾ ਹੈ, ਅਸਮਾਨ 'ਚ 'ਤਾਰਾ' ਬਣ ਕੇ ਤਾਂ ਮੈਨੂੰ ਨਿੱਕਾ ਜਿਹਾ ਦਿਖਾਈ ਦਿੰਦਾ ਹੈ, ਪਰ ਅੱਜ ਤੇਰੇ ਮਹਿਲ ਦੇ ਗੋਲ਼, ਨੁਕੀਲੇ, ਵੱਡੇ, ਵਿਸ਼ਾਲ ਗੁੰਬਦ ਤੇ ਬੈਠਾ ਓਹੀ ਕਬੂਤਰ 'ਚੰਦ' ਲੱਗਦਾ ਹੈ। ਇਹਦੀ ਕਾਲ਼ੀ ਅੱਖ 'ਚੋਂ ਮੈਂ ਆਪਣੀ ਰੂਹ ਤੇ ਸਦੀਆਂ ਤੋਂ ਜੰਮੇ ਹੋਏ ਕਾਲ਼ੇ ਦਾਗ਼ ਨੂੰ ਜਦੋਂ ਤੱਕਿਆ ਸੀ, ਤਾਂ ਬੱਗਾ ਕਬੂਤਰ ਮੇਰੇ ਵੱਲ ਵੇਖ ਹੰਝੂ ਕੇਰਦਾ ਹੋਇਆ, ਮੈਨੂੰ ਕੁਝ ਬੋਲਦਾ ਜਾਪਿਆ, ਜਿਵੇਂ ਕਹਿ ਰਿਹਾ ਹੋਵੇ, ਕਦੇ ਮੈਂ ਵੀ 'ਮੰਡਾਲ਼ੀ' ਦੇ ਮੇਲੇ ਤੋਂ, 'ਸਾਂਈ' ਦੇ ਪੈਰਾਂ ਦੀ ਮਿੱਟੀ ਲੈ ਕੇ ਆਵਾਂ, ਤੇਰੇ ਕਾਲ਼ੇ ਦਾਗ਼ ਨੂੰ ਮਿਟਾਉਣ ਲਈ! ਕਦੀ ਕਦੀ, ਜਦੋਂ ਏਹਦੀ ਸੰਦਲੀ ਰੰਗ ਦੀ ਚੁੰਝ ਮੇਰੀ ਤਲ਼ੀ ਤੋਂ ਚੋਗ ਚੁਗਦੀ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਇਹ ਮੇਰਾ ਭਾਰ, ਹੌਲ਼ਾ ਕਰ ਰਿਹਾ ਹੋਵੇ!!

ਨਜ਼ਮ- ਵਾਪਸੀ

ਓਹਨੂੰ ਮੇਰਾ ਅੱਜ ਖਿਆਲ ਆਇਆ। ਮੇਰੇ ਮੁੱਖ ਤੇ ਅੱਜ ਜਲਾਲ ਆਇਆ। ਬਾਦ ਮੁੱਦਤ, ਸ਼ਾਮ ਰੰਗੀਨ ਹੋਈ, ਵਾਪਸ ਦਿਲ ਦਾ ਹੈ ਹਾਲ ਆਇਆ।

ਨਜ਼ਮ- ਬਗੋਚਾ.....

ਸਵੇਰ ਸਾਰ ਦਿਨ ਚੜ੍ਹਦੇ ਹੀ, ਮੈਨੂੰ ਲੱਗਾ ਜਿਵੇਂ ਮੇਰੇ ਜਾਗਣ ਤੋਂ ਪਹਿਲਾਂ ਕੁਝ ਨਜ਼ਮਾਂ ਮੇਰੇ ਜ਼ਿਹਨ ਦੀ ਦਹਿਲੀਜ਼ ਟੱਪ ਚੁੱਕੀਆਂ ਸਨ ਮੇਰਾ ਅੰਦਰ, ਬੋਟੀ ਬੋਟੀ ਕਰ ਕੱਟ ਚੁੱਕੀਆਂ ਸਨ। ਅੱਖਰਾਂ ਦੇ ਸ਼ਬਦ ਸ਼ਬਦਾਂ ਦੀਆਂ ਸਤਰਾਂ ਸਤਰਾਂ ਦੀਆਂ ਨਜ਼ਮਾਂ! ਹੁਣ ਅੱਖ ਖੁੱਲ੍ਹੀ ਤਾਂ ਨਜ਼ਮਾਂ ਲਾਪਤਾ ਹੋ ਚੁੱਕੀਆਂ ਹਨ ਬਗੋਚਾ ਰਹੇਗਾ ਸਾਰੀ ਉਮਰ ਹੀ ਹੁਣ ਇਹਨਾਂ ਗੁਆਚ ਚੁੱਕੀਆਂ ਨਜ਼ਮਾਂ ਦਾ!

ਨਜ਼ਮ- ਮੁਲਾਕਾਤ ਵਾਲ਼ਾ ਦਿਨ....

"ਤੈਨੂੰ ਯਾਦ ਹੈ ਆਪਣੀ, ਪਹਿਲੀ ਮੁਲਾਕਾਤ? ਕਦੋਂ ਮਿਲੇ ਸਾਂ ਆਪਾਂ? ਪਹਿਲੀ ਵਾਰ", ਤੂੰ ਪੁੱਛਿਆ। "ਹਾਂ, ਕਿਉਂ ਨਹੀਂ? ਮੈਂ ਜਵਾਬ ਦਿੰਦਾ ਹੋਇਆ ਅਗਾਂਹ ਬੋਲਿਆ, "ਗੱਲ ਤਾਂ ਏਸੇ ਸਦੀ ਦੀ ਹੀ ਹੈ, ਦਿਨ, ਤਾਰੀਖ, ਮਹੀਨਾ, ਸਾਲ? ਹਾਂ ਯਾਦ ਆਇਆ, ਸ਼ਾਇਦ ਓਸ ਦਿਨ, ਅਮਰੀਕਾ ਵਿੱਚ 9/11 ਹੋਇਆ ਸੀ, ਜਾਂ ਫਿਰ ਓਸ ਦਿਨ ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਸੀ, ਨਹੀਂ ਨਹੀਂ ਓਸ ਦਿਨ ਤਾਂ ਲੰਡਨ ਵਿੱਚ ਬੰਬ ਧਮਾਕੇ ਹੋਏ ਸਨ, ਖੌਰੇ ਮੈਨੂੰ ਭੁਲੇਖਾ ਲੱਗਿਆ, ਓਸ ਦਿਨ ਤਾਂ ਸ਼ਾਇਦ ਬੰਬੇ, ਬੰਬ ਫਟੇ ਸਨ, ਜਾਂ ਫੇਰ ਮੈਂ ਟਪਲਾ ਖਾ ਗਿਆ ਲੱਗਦਾਂ! ਓਸ ਦਿਨ ਭਾਰਤ ਦੀਆਂ ਫੌਜਾਂ, ਪਾਕਿਸਤਾਨ ਤੇ ਹਮਲਾ ਕਰਨ ਚੜ੍ਹੀਆਂ ਸਨ, ਭਾਰਤੀ ਪਾਰਲੀਮਿੰਟ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ! ....... "ਨਹੀਂ!, ਇਨ੍ਹਾਂ ਦਿਨਾਂ 'ਚੋਂ, ਤਾਂ ਸ਼ਾਇਦ ਕੋਈ ਵੀ ਨਹੀਂ ਸੀ" ਤੂੰ ਸਹਿਜ ਸੁਭਾ ਆਖਿਆ! "ਅੱਛਾ, ਮੈਂ ਯਾਦ ਕਰਦਾਂ" ਮੈਂ ਫੇਰ ਸੋਚਾਂ ਦੇ ਆਰ ਲਾਈ.... "ਹਾਂ ਸ਼ਾਇਦ ਓਸ ਦਿਨ, ਪੰਜਾਬ ਦੇ ਇਕ ਖੂਹ 'ਚੋਂ, ਅਣਜੰਮੀਆਂ ਧੀਆਂ ਦੇ ਭਰੂਣ ਮਿਲੇ ਸਨ, ਜਾਂ ਓਸ ਦਿਨ ਸਾਡੇ ਮੁਲਖ ਦੀ ਇਕ ਹੋਰ, ਪੁਰਾਣੀ ਵਰਗੀ ਹੀ, ਨਵੀਂ ਸਰਕਾਰ ਬਣੀ ਸੀ, ਜਾਂ ਫੇਰ ਓਸ ਦਿਨ ਜੀ-8 ਦੇਸ਼ਾਂ ਦੀ ਸਾਂਝੀ ਵਾਰਤਾ ਹੋਈ ਸੀ ਕਿ, ਸਾਰੇ ਸੰਸਾਰ ਵਿੱਚ ਸ਼ਾਂਤੀ ਕਿਵੇਂ ਲਿਆਂਦੀ ਜਾਵੇ? ਹਾਂ ਸੱਚ ਇਹ ਦਿਨ ਹੋ ਸਕਦੈ! ਜਿਸ ਦਿਨ ਯੂ.ਐਨ.ਓ ਨੇ, ਇਰਾਕ ਹਮਲੇ ਤੋਂ

ਨਜ਼ਮ-ਮਨੋਰਥ....

ਇਹ ਜ਼ਿੰਦਗੀ ਮਿਲ਼ੀ ਏ ਬੰਦਗੀ ਲਈ, ਆ ਇਸ ਨੂੰ ਯਾਰ ਨਿਭਾ ਲਈਏ ਕੁਝ ਖੱਟ ਲਈਏ, ਦਿਨ ਖੱਟਣ ਦੇ ਆ ਰੱਬ ਨਾਲ਼ ਨੈਣ ਮਿਲ਼ਾ ਲਈਏ ਤੁਰ ਜਾਵਾਂਗੇ, ਇਕ ਦਿਨ ਏਥੋਂ, ਜਿਓਂ ਖਾਲੀ ਹੱਥ ਅਸੀਂ ਆਏ ਸੀ ਆ ਯਾਰਾ ਉੱਠ ਹੁਣ ਕਰ ਹਿੰਮਤ, ਇਸ ਮਨ ਨੂੰ ਕੁਝ ਸਮਝਾ ਲਈਏ, ਗੱਲ ਅਸਲੀ ਹੁਣ ਸਮਝਾ ਲਈਏ!

ਨਜ਼ਮ-ਕੁਝ ਗੱਲਾਂ ਹੁੰਦੀਆਂ ਨੇ........

ਕੁਝ ਗੱਲਾਂ ਹੁੰਦੀਆਂ ਨੇ ਜੋ ਦਿਲ ਦੀ ਗਹਿਰਾਈ 'ਚ ਜਦ ਜਨਮਦੀਆਂ ਨੇ ਤਾਂ ਸੁਨਾਮੀ ਬਣ ਕੇ, ਪਰ ਮਰ ਜਾਂਦੀਆਂ ਨੇ ਇਹ ਕੁਝ ਗੱਲਾਂ, ਸ਼ਾਂਤ, ਦਮ ਤੋੜਦੀ ਹੋਈ ਲਹਿਰ ਵਾਂਗਰਾਂ, ਜਦ ਬੁੱਲ੍ਹਾਂ ਦੇ ਕੰਢਿਆਂ ਤੇ ਪੈਰ ਧਰਦੀਆਂ ਹਨ। ਮਨੁੱਖ ਸਾਰੀ ਜ਼ਿੰਦਗੀ ਉਨ੍ਹਾਂ ਦੀ ਲਾਸ਼ ਆਪਣੇ ਪਿੰਡੇ ਤੇ ਲੱਦੀ, ਅਹਿਸਾਸਾਂ ਨੂੰ ਦੱਬੀ, ਜਿਉਂਦਾ ਰਹਿੰਦਾ ਹੈ, ਮਰਿਆਂ ਹੋਇਆਂ ਵਾਂਗ!

ਨਜ਼ਮ-ਚੁੱਪ.....

ਲੰਮੀ ਚੁੱਪ ਤੋਂ ਬਾਅਦ ਜਦੋਂ ਮੈਂ ਉਸ ਨੂੰ "ਤੈਨੂੰ ਇਕ ਗੱਲ ਕਹਾਂ?" ਆਖਿਆ ਸੀ ਤਾਂ, "ਕਹਿ ਨਾ" ਕਹਿ ਕੇ ਉਸ ਹੁੰਗਾਰਾ ਭਰਿਆ ਸੀ। "........." ਪਰ ਮੇਰੀ ਚੁੱਪ ਕੋਲ਼, ਸਵਾਲ ਕਰਨ ਤੋਂ ਬਗੈਰ ਹੋਰ ਸ਼ਾਇਦ ਸ਼ਬਦ ਹੀ ਨਹੀਂ ਸਨ। ਮੈਂ ਚੁੱਪ ਰਿਹਾ.... ਉਹ ਵੀ ਚੁੱਪ ਰਿਹਾ। ਪਲ ਗੁਜ਼ਰੇ, ਮਹੀਨੇ ਗੁਜ਼ਰੇ, ਆਖ਼ਰ ਸਾਲ ਵੀ ਗੁਜ਼ਰ ਗਏ.... ਅੱਜ ਉਹ ਫਿਰ ਮਿਲ਼ਿਆ, ਹਵਾ ਦੇ ਆਖ਼ਰੀ ਬੁੱਲੇ ਵਾਂਗ... ਮੈਂ..... ਫਿਰ ਟਾਹਣੀਆਂ ਵਾਂਗ ਚੁੱਪ-ਚਾਪ ਖੜ੍ਹਾ ਰਿਹਾ ਤੇ ਉਹ ਮੇਰੇ ਕੋਲ਼ ਦੀ ਹੁੰਦਾ ਹੋਇਆ ਗੁਜ਼ਰ ਗਿਆ ਪਲਾਂ ਵਾਂਗ, ਮਹੀਨਿਆਂ ਵਾਂਗ, ਸਦੀਆਂ ਵਰਗੇ ਸਾਲਾਂ ਵਾਂਗ.....!

ਛੋਟੀ ਨਜ਼ਮ-ਬਰਾਕ ਓਬਾਮਾ.....

'ਬਰਾਕ ਓਬਾਮਾ' ਤੇਰੇ ਸਿਰ ਤੇ, ਜਿੰਮੇਵਾਰੀ ਭਾਰੀ ਏ, ਕੁਝ ਸਾਲਾਂ ਤੋਂ ਕਈ ਲੋਕਾਂ ਨੇ, ਦੁਨੀਆਂ ਦੀ ਮੱਤ ਮਾਰੀ ਏ! ਆਸ ਹੈ ਸਾਨੂੰ ਹੁਣ ਤੇਰੇ ਤੋਂ, ਖੁਸ਼ੀਆਂ ਪਰਤ ਕੇ ਆਉਣਗੀਆਂ ਇਸ ਦੁਨੀਆਂ ਤੇ ਹਾਸੇ ਖੇੜੇ, ਮੁੜ ਰੂਹਾਂ ਵਰਸਾਉਣਗੀਆਂ!!

ਨਜ਼ਮ: ਇਸ਼ਕ ਅਤੇ ਦੇਰੀ...

ਤੇਰੇ ਮਹਿਲਾਂ 'ਚੋਂ ਖੈਰ ਮਿਲਣੀ, ਤਾਂ ਖੈਰ, ਮੇਰੇ ਵੱਸ ਵਿੱਚ ਨਹੀਂ ਪਰ ਤੇਰੇ ਦਿਲ ਦੀ ਦਹਿਲੀਜ਼ ਟੱਪ ਕੇ ਅੰਦਰ ਆਉਣਾ ਤਾਂ ਮੇਰੇ ਵੱਸ ਵਿੱਚ ਹੀ ਹੈ। ਤੂੰ ਕਿੰਨੀ ਵੀ ਕੋਸ਼ਿਸ਼ ਕਰ, ਨੈਣਾਂ ਦੇ ਦਰਬਾਨ ਦਿਲ ਦੇ ਦਰਵਾਜੇ ਤੇ ਪਹਿਰੇਦਾਰ ਬਣਾ ਕੇ ਖੜ੍ਹੇ ਕਰ ਛੱਡ... ਹੁਸਨ ਦੇ ਘੋੜਿਆਂ ਨੂੰ ਮੇਰੀਆਂ ਸੋਚਾਂ ਦੇ ਤਬੇਲੇ 'ਚ ਆਉਣੋਂ ਭਾਵੇਂ ਵਰਜ ਦੇ.... ਆਸ਼ਕ, ਇਸ਼ਕ 'ਚ ਤਬਾਹੀਆਂ, ਬਰਬਾਦੀਆਂ ਕਦ ਵੇਖਦੇ ਨੇ? ਦਹਿਲੀਜ਼ਾਂ ਤਾਂ ਇਕ ਪਾਸੇ ਸਰਹੱਦਾਂ ਦੀ ਪਰਵਾਹ ਨਹੀਂ ਕਰਦੇ ਇਹ ਜੀਣ-ਜੋਗੇ ਜਾਂ ਕਦੇ ਕਦਾਈਂ ਸ਼ਾਇਦ ਮੌਤ ਦੇ ਹਾਣੀ ਬਣਨੋਂ ਵੀ, ਨਹੀਂ ਟਲ਼ਦੇ...! ਤੂੰ ਬੇਸ਼ੱਕ, ਮਹਿਲਾਂ ਦੇ ਮੋਤੀ ਲੁਕਾ ਕੇ ਰੱਖੀਂ, ਮੈਂ ਤੇਰੇ ਬਖ਼ਸ਼ੇ ਹੋਏ ਸਾਹਾਂ ਦੇ ਮੋਤੀਆਂ ਦੀ ਮਾਲ਼ਾ, ਬਣਾ ਕੇ ਹੀ ਪਹਿਨ ਲੈਣੀ ਏਂ! ਤੂੰ ਤਾਂ ਇਸ਼ਕ ਦੀ ਗੱਲ ਅੱਜ ਪਹਿਲੀ ਵਾਰ ਕੀਤੀ ਏ, ਮੈਂ ਇਸ਼ਕ ਤੋਂ ਸਿਵਾ ਹੋਰ ਗੱਲ ਕਰਦਾ ਹੀ ਨਹੀਂ, ਤੇਰੇ ਨਾਮ ਤੋਂ ਬਿਨਾਂ ਹੋਰ ਸਾਹ ਭਰਦਾ ਹੀ ਨਹੀਂ। ਤੇਰੇ ਮਹਿਲਾਂ 'ਚੋਂ ਖੈਰ ਮਿਲਣੀ ਸ਼ਾਇਦ ਮੇਰੇ ਵੱਸ ਵਿੱਚ ਹੋ ਹੀ ਜਾਵੇ ਪਰ ਫਿਰ ਮੈਂ ਮੰਗਣ ਦਾ ਸ਼ਾਇਦ ਹੱਕਦਾਰ ਹੀ ਨਾ ਹੋਵਾਂ ਤੇ ਤੂੰ ਸ਼ਾਇਦ ਖੈਰ ਪਾਉਣ ਦੇ ਯੋਗ ਹੀ ਨਾ ਹੋਵੇਂ, ਕੀ ਪਤਾ ਜਦੋਂ ਤੱਕ ਤੂੰ ਹੌਂਸਲਾਂ ਕਰੇਂ ਬਹੁਤ ਦੇਰ ਹੋ ਚੁੱਕੀ ਹੋਵੇ!! --- ੨੪ ਅਗਸਤ ੨੦੦੮

ਨਜ਼ਮ: ਅਜ਼ਾਦੀ ਦਾ ਨਿੱਘ...

ਦਿਨ 15, ਮਹੀਨਾ ਅਗਸਤ ਅਤੇ ਸੰਨ 1947 ਭਾਰਤ ਦੀ ਅਜ਼ਾਦੀ ਦਾ ਪਹਿਲਾ ਦਿਨ ਸੀ ਸੂਰਜ ਦੀ ਪਹਿਲੀ ਕਿਰਨ ਓਸ ਦਿਨ ਭੈ ‘ਚ ਡਰੀ ਹੋਈ, ਦਹਿਸ਼ਤ ਨਾਲ ਮਰੀ ਹੋਈ, ਅੱਗ 'ਚ ਸੜੀ ਹੋਈ, ਜ਼ਖ਼ਮਾਂ ਨਾਲ ਭਰੀ ਹੋਈ, ਖੂਨੀ ਹਨੇਰੇ ਨੂੰ ਪੈਰਾਂ ‘ਚ ਲਿਤਾੜਦੀ ਹੋਈ, ਖੂਨ ਨਾਲ ਲੱਥ-ਪੱਥ ਭਿੱਜੀ ਹੋਈ, ਨੁੱਚੜਦੀ ਹੋਈ ਸਾਡੇ ਤੀਕ ਪਹੁੰਚੀ ਸੀ ਹਾਂ, ਉਹ ਸਾਡੇ ਲਈ ਅਜ਼ਾਦੀ ਦਾ ਸੁਨੇਹਾ ਲੈ ਕੇ ਆਈ ਸੀ। ਤੇ ਸਾਡੇ ਲੀਡਰ ਓਸ ਦਿਨ ਸਾਡੇ ਦੇਸ਼ ਵਾਸੀਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ, ਹਜ਼ਾਰਾਂ ਲਾਸ਼ਾਂ ਉੱਤੇ ਕੁਰਸੀ ਡਾਹ ਕੇ, ਨਿਸ਼ਚਿੰਤ ਹੋ ਕੇ, ਆਪਣੇ ਘਰਾਂ 'ਚ ਪਰਿਵਾਰ ਨਾਲ਼ ਬੈਠੇ ਸੂਰਜ ਦੀ ਪਹਿਲੀ ਕਿਰਨ ਦਾ ਨਿੱਘ ਮਾਣ ਰਹੇ ਸੀ ਤੇ ਅਸੀਂ? ਨਮ ਅੱਖੀਆਂ ਦੇ ਨਾਲ ਆਪਣੇ ਮਾਪਿਆਂ, ਭਰਾਵਾਂ, ਭੈਣਾਂ, ਪਤਨੀਆਂ, ਪੁੱਤਰਾਂ, ਧੀਆਂ ਦੀਆਂ ਲਾਸ਼ਾਂ ਨੂੰ ਮਿੱਟੀ ਵਿੱਚ ਰਲ਼ਾ ਕੇ ਓਸ ਅਜ਼ਾਦੀ ਦੇ ਪਹਿਲੇ ਦਿਨ ਦੀ, ਸੂਰਜ ਦੀ ਪਹਿਲੀ ਕਿਰਨ ਦਾ ਨਿੱਘ ਮਾਣ ਰਹੇ ਸੀ....? (15 ਅਗਸਤ 2003)

ਨਜ਼ਮ: ਮੌਤ ਦੇ ਅਰਥ...

ਕਈ ਵਾਰ ਜ਼ਿੰਦਗੀ, ਓਸ ਬਾਰਸ਼ ਦੀ ਬੂੰਦ ਵਰਗੀ ਹੁੰਦੀ ਹੈ, ਜੋ ਸਾਗਰ ਦਾ ਹਿੱਸਾ ਬਣਨਾ, ਲੋਚਦੀ ਲੋਚਦੀ ਰੇਗਿਸਤਾਨ ਦੇ ਤਪਦੇ ਟਿੱਲੇ ਤੇ ਜਾ ਕੇ, ਵਰ੍ਹ ਜਾਂਦੀ ਹੈ। ਰੇਤ ਵਿੱਚ ਜਜ਼ਬ ਹੋ ਕੇ ਆਖਰ ਮਰ ਜਾਂਦੀ ਹੈ।

ਨਜ਼ਮ: ਦੁਬਿਧਾ....

ਦੁਬਿਧਾ ਮਨੁੱਖ ਦੁਨੀਆ ਵਿੱਚ ਆਪਣੀ ਪਛਾਣ ਬਣਾਉਣੀ ਚਾਹੁੰਦਾ ਹੈ... ਕੀ ਨਹੀਂ ਕਰਦਾ? ਮਨੁੱਖ ਇਸ ਇੱਛਾ ਦੇ ਲਈ। ਚੰਗਾ ਬੁਰਾ ਹੋਰ ਤਾਂ ਹੋਰ ਮਨੁੱਖ, ਆਪਣੇ ਮਨੁੱਖ ਹੋਣ ਦੀ ਪਛਾਣ ਵੀ ਗੁਆ ਬਹਿੰਦਾ ਹੈ ਅਤੇ ਕਈ ਵਾਰ 'ਰੱਬ' ਦੀ ਪਛਾਣ ਵੀ ਕਮਾ ਲੈਂਦਾ ਹੈ! ........................ (੨੭ ਜੂਨ ੨੦੦੮)

ਨਜ਼ਮ: ਭਟਕਣ ਦਾ ਅੰਤ...

ਭਟਕਣ ਦਾ ਅੰਤ ਕੋਈ ਦੂਰ ਹੋਇਆ ਮੈਥੋਂ ਮੈਂ ਅਧੂਰਾ ਹੋ ਗਿਆ, .... -ਜੇ ਸੂਰਜ ਹੈਂ ਤੂੰ ਤਾਂ ਮੈਂ ਹਾਂ ਚੰਦ ਤੇਰੇ ਬਿਨਾ ਮੇਰਾ ਸਫ਼ਰ ਪਲ ਭਰ ’ਚੇ ਬੰਦ ਤੂੰ ਪਰਤਿਆ ਖਲਾਅ ਵਿੱਚ ਸਵੇਰਾ ਹੋ ਗਿਆ ਤੂੰ ਹੋਇਆ ਅੱਖੋਂ ਓਝਲ ਹਨੇਰਾ ਹੋ ਗਿਆ- .... ਆਖਰ ਕਿੰਨਾ ਚਿਰ ਜੀਉਂਦਾ, ਸਾਹਵਾਂ ਤੋਂ ਬਗੈਰ ਅੰਤ, ਮੈਂ ਪੂਰਾ ਹੋ ਗਿਆ।

ਨਜ਼ਮ: ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ....

ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ.... ਅੱਜ ਤੋਂ ਨਹੀਂ ਹੁਣ ਤੋਂ ਹੀ... ਕੀ ਕਰਾਂ ਗਾ ਮੈਂ ਕਵਿਤਾ ਦਾ? ਕਿਸ ਨੂੰ ਲੋੜ ਹੈ ਇਹਨਾਂ ਚੁੱਪ ਚਾਪ ਕਾਗਜ਼ ਤੇ ਬੈਠੇ, ਸ਼ਬਦਾਂ ਦੀ। ਕਿੰਨੀ ਵਾਰ ਸਮਝਾਇਆ ਸੀ... ਏਸ ਮਨ ਨੂੰ ਏਸ ਕਲਮ ਨੂੰ ਏਸ ਕਾਗਜ਼ ਨੂੰ ਕਿ ਕਵਿਤਾ ਨਾਲ ਕਿਸੇ ਦਾ ਭੁੱਖਾ ਢਿੱਡ ਨਹੀਂਓ ਹੈ ਰੱਜਦਾ, ਕਵਿਤਾ ਨਾਲ ਕਿਸੇ ਦੇ ਸੀਨੇ 'ਚ ਕੱਚ ਵਾਂਗ ਉਤਰ ਚੁੱਕਾ ਦਰਦ ਕਦੋਂ ਨਿੱਕਲਦਾ ਹੈ? ਕਦੋਂ ਤੱਕ ਕਵਿਤਾ ਦੇ ਸਹਾਰੇ ਕੋਈ ਸਾਹ ਲੈਂਦਾ ਰਹੇਗਾ? ਕਵਿਤਾ ਕਿੰਨਾ ਕੁ ਚਿਰ ਸੱਚ ਦਾ ਸਾਥ ਦੇਵੇਗੀ? ਝੂਠ ਦੇ ਸ਼ਹਿਰ ਵਿੱਚ ਰਹਿ ਕੇ। ਕੀ ਕਰੇਗਾ ਕੋਈ ਏਸ ਕਵਿਤਾ ਦਾ? ਜੇਸ ਨੂੰ ਨਾ ਤਾਂ ਖਾਧਾ ਜਾ ਸਕਦਾ ਏ, ਅਤੇ ਨਾ ਹੀ ਪੀਤਾ, ਸ਼ਰਾਬ ਦੇ ਘੁੱਟ ਵਾਂਗ, ਕਵਿਤਾ ਜ਼ਹਿਰ ਥੋੜ੍ਹੋ ਹੈ ਜਿਹੜੀ ਸੁਖਾਲੀ ਪੀਤੀ ਜਾ ਸਕੇ। ਹੁਣ ਮੈਂ ਕਵਿਤਾ ਉਦੋਂ ਲਿਖਾਂਗਾ ਜਦੋਂ ਬੋਲੇ ਕੰਨ ਸੁਣਨ ਲੱਗ ਪਏ ਜਦੋਂ ਅੰਨ੍ਹੇ ਨੈਣ ਵੇਖਣ ਲੱਗ ਪਏ ਜਦੋਂ ਕੋਮੇ ਵਿੱਚ ਪਏ ਉੱਠ ਕੇ ਦੌੜਨ ਲੱਗ ਪਏ। ਜਦ ਤੱਕ ਅਸੰਭਵ ਸੰਭਵ ਨਹੀਂ ਹੁੰਦਾ, ਮੈਂ ਕਵਿਤਾ ਲਿਖਣੀ ਮੁਲਤਵੀ ਕਰ ਦਿੱਤੀ ਹੈ। ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ..... ----------------------------- (੧੮ ਅਪ੍ਰੈਲ ੨੦੦੮ ਸਵੇਰ ੦੨:੦੦)

ਨਜ਼ਮ: ਜੰਗ ਤੋਂ ਬਾਅਦ.....

ਜੰਗ ਤੋਂ ਬਾਅਦ ਕਈ ਘਰਾਂ ਦੇ ਚੁੱਲ੍ਹੇ ਅਜੇ ਵੀ ਠੰਢੇ ਧੁਖਦੇ ਦਿਲਾਂ ‘ਚੋਂ ਦੁਧੀਆ ਰੰਗੇ ਧੂੰਏਂ ਦੇ ਫੰਭੇ ਫਸਲਾਂ ਦੀ ਮਾਂ ਹੋ ਗਈ ਏ ਬਾਂਝ ਨਾ ਸੁਰ ਰਹੀ ਤੇ ਨਾ ਹੀ ਕੋਈ ਸਾਂਝ ਚੜ੍ਹਦੀ ਸਵੇਰ ਰੌਸ਼ਨੀ ਨਾਲ ਨਰਾਜ਼ ਇਹ ਕਿਉਂ ? ਜੰਗ ਤਾਂ ਖਤਮ ਹੋ ਗਈ ਸੀ ਰੇਤ ਨੇ ਖੂਨ ਦੀ ਨਦੀ ਪੀ ਲਈ ਸੀ ਅਤੇ ਦੁਸ਼ਮਣ ਦੇਸ਼ਾਂ ‘ਚ ਭੇਂਟ ਵਾਰਤਾ ਚਲ ਰਹੀ ਹੈ ਮਾਹੌਲ ਸੁਖਾਵੇਂ ਹੋਣ ਦੀ ਸਲਾਹ ਚਲ ਰਹੀ ਹੈ ਦੋਵਾਂ ਦੇਸ਼ਾਂ ਦੇ ਆਗੂ, ਮਿੱਤਰਤਾ ਦਾ ਮਖੌਟਾ ਪਹਿਨੀ, ਗੱਲਬਾਤ ਦਾ ਹਥਿਆਰ, ਹੱਥਾਂ ‘ਚ ਲਈ ਗੋਲ ਮੇਜ਼ ਕਾਨਫਰੰਸ ਵਿੱਚ ਬੈਠੇ ਹਨ ਚੰਗੀ ਗੱਲ ਹੈ, ਪਰ ਜੰਗ ਦੇ ਜੁਝਾਰੂ ਦੁਸ਼ਮਣ ਦੇਸ਼ਾਂ ਦੀਆਂ ਜੇਲ੍ਹਾਂ ‘ਚ ਬੈਠੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਅਣਮਨੁੱਖੀ ਮੌਤ ਨਾਲ ਸੜ ਰਹੇ ਨੇ। ਜਿਨ੍ਹਾਂ ਦਾ ਚੇਤਾ ਸਾਲਾਂ ਸਾਲਾਂ ਤੱਕ, ਉਨ੍ਹਾਂ ਦੇ ਵਾਰਿਸਾਂ ਤੋਂ ਬਿਨਾਂ, ਹਾਕਮਾਂ ਨੂੰ ਕਦੇ ਨਹੀਂ ਆਉਂਦਾ ਤੇ ਜੰਗੀ ਕੈਦੀਆਂ ਲਈ ਜੰਗ ਤੋਂ ਬਾਅਦ ਵੀ ਜੰਗ ਜਾਰੀ ਰਹਿੰਦੀ ਏ...

ਨਜ਼ਮ: ਧੀ ਬਨਾਮ ਕਰੂੰਬਲ

ਧੀ ਬਨਾਮ ਕਰੂੰਬਲ ਮੇਰੀ ਕਰੂੰਬਲ ਪੱਤਾ ਬਣ ਜਾਏ, ਹਰ ਰੁੱਖ ਹੀ ਇਹ ਚਾਹੁੰਦਾ ਏ ਧੀ ਦੇ ਕਾਤਲ ਤਾਂਈ ਖ਼ਬਰੇ, ਇਹ ਕਿਉਂ ਸਮਝ ਨਈਂ ਆਉਂਦਾ ਏ?

ਨਜ਼ਮ: ਮਨੁੱਖੀ ਹੱਕ

ਮਨੁੱਖੀ ਹੱਕ ਮਨੁੱਖੀ ਹੱਕ ਏਥੇ ਰੱਖ .......... ਏਨਾ ਸੌਖਾ ਨਹੀਂ, ਜਿੰਨਾ ਕਹਿਣਾ ਲੱਗਦਾ ਹੈ। ਮਨਾਓ, ਇਹ ਦਿਨ ਮਨਾਓ ਦਸ ਦਸੰਬਰ ਹਰ ਸਾਲ ਆਉਂਦਾ ਹੈ, ਆਉਂਦਾ ਹੀ ਰਹਿਣਾ ਹੈ। ਪਰ ਮਨੁੱਖੀ ਹੱਕ? ਅਸੀਂ ਵੀ ਤਾਂ ਮੰਗਦੇ ਹੀ ਰਹਿਣਾ ਹੈ! ਸ਼ਰਮ ਜਿਹੀ ਆਉਂਦੀ ਹੈ, ਮਨੁੱਖ ਕੋਲੋਂ ਹੀ ਮਨੁੱਖੀ ਹੱਕ ਮੰਗਦੇ ਹੋਏ। ਕੀ ਮਨੁੱਖ ਮਨੁੱਖ ਵਿੱਚ ਵੀ ਫਰਕ ਹੈ? ਹਾਂ, ਤਾਂ ਹੀ ਤਾਂ ਕਈ ਹੱਸਦੇ ਹਨ ਕਈ ਰੋਂਦੇ ਹਨ ਕਈ ਜਾਗਦੇ ਹਨ ਕਈ ਸੌਂਦੇ ਹਨ .................. ਅੱਜ ਮਨ ਪਰੇਸ਼ਾਨ ਹੈ ਆਇਆ ਕੋਈ ਤੂਫ਼ਾਨ ਹੈ ਅੱਖਰ ਖਿੱਲਰ ਖਿੱਲਰ ਜਾਂਦੇ ਹਨ ਪਤਝੜ ਤਾਂ ਕਦੋਂ ਦੀ ਚਲੇ ਗਈ ਫਿਰ ਇਹ ਹਨੇਰੀ ਕਿਸ ਨੂੰ ਲੈ ਕੇ ਜਾ ਰਹੀ ਹੈ ਆਪਣੇ ਨਾਲ? ਸੋਚਦਾ ਹਾਂ...... ਸ਼ਾਇਦ ਮਨੁੱਖੀ ਹੱਕ ਹੋਣਗੇ! ਤੁਸੀਂ ਕੀ ਸੋਚਣ ਲੱਗ ਪਏ? ਚਲੋ ਜਾਰੀ ਰੱਖੋ ਦਸ ਦਸੰਬਰ ਦਾ ਦਿਨ ਮਨਾਉਣਾ .............. ਮਨੁੱਖੀ ਹੱਕ ਏਥੇ ਰੱਖ। (੧੦ ਦਸੰਬਰ ੨੦੦੭)

ਨਜ਼ਮ: ਸਾਹਸ...

ਸਾਹਸ ਤੇਰੇ ਦਿਲ ਨਾਲ ਜਦ ਦਿਲ ਵਟਾਇਆ ਸੀ, 'ਮੈਂ' ਤੋਂ 'ਤੂੰ' ਹੋ ਗਿਆ ਸੀ, ਉਸ ਦਿਨ ਤੋਂ ਹੀ ਤੇਰਾ ਖ਼ਾਦਿਮ, ਅੱਜ ਆਪਣੇ ਆਪ ਨੂੰ ਕੀ ਆਖਾਂ? ਮੇਰੀ ਸਮਝ ਤੋਂ ਬਾਹਰਾ ਹੈ ਸਭ ਕੁਝ, ਜੇ ਤੂੰ ਮੇਰੇ ਕੋਲ ਹੁੰਦੀ ਤਾਂ, ਸ਼ਾਇਦ ਆਪਣੀ ਹੋਂਦ ਦਾ ਮੈਨੂੰ ਵੀ ਕੁਝ ਅਹਿਸਾਸ ਹੁੰਦਾ! ਮੁੜ 'ਤੂੰ' ਤੋਂ 'ਮੈਂ' ਹੋਣ ਦਾ, ਸ਼ਾਇਦ ਮੇਰੇ ਵਿੱਚ ਵੀ, ਕੁਝ ਸਾਹਸ ਹੁੰਦਾ!!